ਜਦੋਂ ਅਸੀਂ "ਮੀਨੋਪੌਜ਼" (Menopause) ਸ਼ਬਦ ਸੁਣਦੇ ਹਾਂ, ਤਾਂ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਇਹ ਸਿਰਫ਼ ਮਹਿਲਾਵਾਂ ਨਾਲ ਸੰਬੰਧਤ ਸਮੱਸਿਆ ਹੈ, ਕਿਉਂਕਿ ਮਹਿਲਾਵਾਂ ਵਿੱਚ 45 ਤੋਂ 55 ਸਾਲ ਦੀ ਉਮਰ ਵਿਚ ਪੀਰੀਅਡ ਆਉਣ ਬੰਦ ਹੋ ਜਾਂਦੇ ਹਨ, ਜਿਸਨੂੰ ਹੀ ਮੀਨੋਪੌਜ਼ ਕਿਹਾ ਜਾਂਦਾ ਹੈ। ਇਹ ਐਸਟਰੋਜਨ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈ। ਮੈਨੋਪੌਜ਼ ਦੌਰਾਨ ਮਹਿਲਾਵਾਂ ਦੇ ਪੀਰੀਅਡ ਪੂਰੀ ਤਰ੍ਹਾਂ ਰੁਕ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੁਰਖਾਂ ਵਿੱਚ ਵੀ ਮੀਨੋਪੌਜ਼ ਵਰਗਾ ਇੱਕ ਚਰਨ ਆਉਂਦਾ ਹੈ, ਜਿਸਨੂੰ ਮੈਡੀਕਲ ਭਾਸ਼ਾ ਵਿੱਚ "ਮੇਲ ਮੀਨੋਪੌਜ਼" ਜਾਂ "ਐਂਡ੍ਰੋਪੌਜ਼" (Andropause) ਕਿਹਾ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਹਿਲਾਵਾਂ ਵਾਂਗ ਪੁਰਖਾਂ ਵਿੱਚ ਵੀ ਮੀਨੋਪੌਜ਼ ਕਿਵੇਂ ਹੁੰਦਾ ਹੈ ਅਤੇ ਇਸਦੇ ਲੱਛਣ ਕੀ ਹਨ।
ਮਰਦਾਂ 'ਚ ਵੀ ਆਉਂਦੀਆਂ ਹਾਰਮੋਨਲ ਤਬਦੀਲੀਆਂ
ਜਿਵੇਂ-ਜਿਵੇਂ ਪੁਰਸ਼ਾਂ ਦੀ ਉਮਰ ਵਧਦੀ ਹੈ, ਉਨ੍ਹਾਂ ਦੇ ਸਰੀਰ ਵਿੱਚ ਵੀ ਹਾਰਮੋਨਲ ਤਬਦੀਲੀਆਂ ਆਉਣ ਲੱਗਦੀਆਂ ਹਨ। ਸਭ ਤੋਂ ਵੱਡੀ ਤਬਦੀਲੀ ਟੈਸਟੋਸਟੇਰੋਨ ਹਾਰਮੋਨ ਦੀ ਕਮੀ ਦੇ ਰੂਪ ਵਿੱਚ ਵੇਖੀ ਜਾਂਦੀ ਹੈ। ਇਹ ਹਾਰਮੋਨ ਪੁਰਸ਼ਾਂ ਦੀ ਜਿਨਸੀ ਯੋਗਤਾ, ਮਾਸਪੇਸ਼ੀਆਂ ਅਤੇ ਮੂਡ ਉੱਤੇ ਪ੍ਰਭਾਵ ਪਾਉਂਦੇ ਹਨ। 40 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਟੈਸਟੋਸਟੇਰੋਨ ਦੀ ਮਾਤਰਾ ਲਗਭਗ 1% ਘਟਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਇਹ ਤਬਦੀਲੀਆਂ ਹੌਲੀ-ਹੌਲੀ ਹੁੰਦੀਆਂ ਹਨ, ਇਸ ਕਰਕੇ ਇਸਨੂੰ "ਸਾਈਲੇਂਟ ਮੀਨੋਪੌਜ਼" ਵੀ ਕਿਹਾ ਜਾਂਦਾ ਹੈ। ਇਹ ਹਾਲਤ ਉਮਰ ਵਧਣ, ਤਣਾਅ, ਗਲਤ ਖੁਰਾਕ, ਖਰਾਬ ਜੀਵਨਸ਼ੈਲੀ, ਬਹੁਤ ਵਧੇਰੇ ਸ਼ਰਾਬ ਜਾਂ ਧੂਮਪਾਨ, ਡਾਇਬਟੀਜ਼, ਬੀਪੀ ਜਾਂ ਵਰਜ਼ਿਸ਼ ਦੀ ਕਮੀ ਕਰਕੇ ਹੋ ਸਕਦੀ ਹੈ।
ਮੇਲ ਮੀਨੋਪੌਜ਼ ਦੇ ਲੱਛਣ ਕੀ ਹੁੰਦੇ ਹਨ?
ਮੇਲ ਮੀਨੋਪੌਜ਼ ਦੌਰਾਨ ਪੁਰਸ਼ਾਂ ਨੂੰ ਸਰੀਰਕ, ਮਾਨਸਿਕ ਅਤੇ ਯੌਨ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਕੁਝ ਆਮ ਲੱਛਣ ਇਹ ਹਨ:
- ਹਮੇਸ਼ਾ ਥਕਾਵਟ ਮਹਿਸੂਸ ਹੋਣਾ, ਮੂਡ ਬਦਲਣਾ ਜਾਂ ਡਿਪ੍ਰੈਸ਼ਨ ਹੋਣਾ
- ਕਿਸੇ ਕੰਮ ਵਿੱਚ ਮਨ ਨਾ ਲੱਗਣਾ, ਆਤਮਵਿਸ਼ਵਾਸ ਦੀ ਘਾਟ, ਨੀਂਦ ਦੀ ਕਮੀ ਜਾਂ ਨੀਂਦ ਵਿਚ ਵਾਧਾ
- ਵਜ਼ਨ ਵਧਣਾ, ਮਾਸਪੇਸ਼ੀਆਂ ਦੀ ਕਮੀ, ਛਾਤੀ ਵਿਚ ਸੋਜ ਆਉਣਾ ਜਾਂ ਵਧਣਾ, ਹੱਡੀਆਂ ਕਮਜ਼ੋਰ ਹੋਣ
- ਇਰੇਕਟਾਈਲ ਡਿਸਫੰਕਸ਼ਨ (ਲਿੰਗ ਦਾ ਠੀਕ ਤਰੀਕੇ ਨਾਲ ਤਨਾਅ ਵਿੱਚ ਨਾ ਆਉਣਾ), ਸੰਤਾਨ ਜਣਨ ਦੀ ਸਮਰੱਥਾ ਵਿੱਚ ਕਮੀ, ਵਾਲਾਂ ਦਾ ਝੜਨਾ ਜਾਂ ਸਰੀਰ ਵਿੱਚ ਅਚਾਨਕ ਗਰਮੀ ਮਹਿਸੂਸ ਹੋਣਾ
- ਟੈਸਟਿਕਲਸ (ਅੰਡਕੋਸ਼) ਦਾ ਆਕਾਰ ਛੋਟਾ ਹੋ ਜਾਣਾ
ਇਹ ਸਾਰੇ ਲੱਛਣ ਇਸ ਗੱਲ ਦੀ ਨਿਸ਼ਾਨੀ ਹੋ ਸਕਦੇ ਹਨ ਕਿ ਪੁਰਸ਼ ਮੀਨੋਪੌਜ਼ ਦੇ ਦੌਰ ਵਿੱਚ ਹਨ।
ਮੇਲ ਮੀਨੋਪੌਜ਼ ਨੂੰ ਕਿਵੇਂ ਸੰਭਾਲਿਆ ਜਾਵੇ?
ਐਕਸਪਰਟਸ ਅਨੁਸਾਰ, ਮੇਲ ਮੀਨੋਪੌਜ਼ ਨੂੰ ਸਹੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਕੁਝ ਆਸਾਨ ਤਰੀਕੇ ਅਪਣਾਏ ਜਾ ਸਕਦੇ ਹਨ:
ਲਾਈਫਸਟਾਈਲ ਵਿੱਚ ਬਦਲਾਅ ਲਿਆਓ ਅਤੇ ਸਹੀ ਖੁਰਾਕ ਲਵੋ। ਖੁਰਾਕ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਪ੍ਰੋਟੀਨ ਸ਼ਾਮਿਲ ਕਰੋ।
ਨਿਯਮਤ ਵਰਕਆਊਟ ਕਰੋ। ਐਕਸਰਸਾਈਜ਼ ਨਾਲ ਮਾਸਪੇਸ਼ੀਆਂ ਮਜ਼ਬੂਤ ਹੋਦੀਆਂ ਹਨ ਅਤੇ ਮੂਡ ਵੀ ਚੰਗਾ ਰਹਿੰਦਾ ਹੈ।
ਪੂਰੀ ਨੀਂਦ ਲਵੋ ਅਤੇ ਤਣਾਅ ਤੋਂ ਦੂਰ ਰਹੋ।
ਮੈਡੀਟੇਸ਼ਨ, ਯੋਗ ਜਾਂ ਮਾਈਂਡਫੁੱਲਨੈੱਸ ਵਰਗੀਆਂ ਵਿਧੀਆਂ ਅਪਣਾਓ।
ਜੇਕਰ ਟੈਸਟੋਸਟੇਰੋਨ ਦੀ ਲੈਵਲ ਬਹੁਤ ਘੱਟ ਹੋਵੇ ਤਾਂ ਡਾਕਟਰੀ ਸਲਾਹ 'ਤੇ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈ ਸਕਦੇ ਹੋ।
ਮਾਸਪੇਸ਼ੀਆਂ ਦੀ ਕਮੀ ਜਾਂ ਯੌਨ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲਈ ਫਿਜੀਓਥੈਰਾਪਿਸਟ ਦੀ ਮਦਦ ਲੈਣੀ ਚੰਗੀ ਰਹੇਗੀ।
ਇਹ ਸਾਰੇ ਕਦਮ ਮੇਲ ਮੀਨੋਪੌਜ਼ ਨੂੰ ਸੰਭਾਲਣ ਵਿੱਚ ਮਦਦਗਾਰ ਹੋ ਸਕਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।