Mouth Cancer: ਪਿਛਲੇ 10 ਸਾਲਾਂ ਵਿੱਚ, ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਇੱਕ ਤਿਹਾਈ ਤੋਂ ਜ਼ਿਆਦਾ ਵਾਧਾ ਹੋਇਆ ਹੈ। ਕੈਂਸਰ ਦੇ ਲੱਛਣਾਂ ਨੂੰ ਜਾਣਨਾ ਅਤੇ ਜਲਦੀ ਤੋਂ ਜਲਦੀ ਇਸਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਓਰਲ ਹੈਲਥ ਫਾਊਂਡੇਸ਼ਨ ਦੁਆਰਾ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ, ਯੂਕੇ ਵਿੱਚ ਸਾਲ 2021 ਵਿੱਚ 8864 ਲੋਕਾਂ ਵਿੱਚ ਇਸ ਬਿਮਾਰੀ ਦਾ ਪਤਾ ਲਗਾਇਆ ਗਿਆ ਸੀ। ਇਹ ਅੰਕੜਾ 10 ਸਾਲ ਪਹਿਲਾਂ ਨਾਲੋਂ 36 ਫੀਸਦੀ ਵੱਧ ਸੀ। ਜਦੋਂ ਕਿ ਇੱਕ ਸਾਲ ਦੇ ਅੰਦਰ ਇਸ ਬਿਮਾਰੀ ਦੀਆਂ ਮੁਸ਼ਕਿਲਾਂ ਕਰਕੇ 3034 ਲੋਕਾਂ ਦੀ ਮੌਤ ਹੋ ਗਈ ਸੀ। ਇਹ ਪਿਛਲੇ ਦਹਾਕੇ 'ਚ 40 ਫੀਸਦੀ ਅਤੇ ਪਿਛਲੇ 5 ਸਾਲਾਂ 'ਚ 20 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਓਰਲ ਹੈਲਥ ਫਾਊਂਡੇਸ਼ਨ ਦੇ ਚੀਫ ਐਕਸੀਕਿਊਟਿਵ ਡਾ. ਨਿਗੇਲ ਕਾਰਟਰ ਨੇ ਕਿਹਾ ਕਿ ਸਿਗਰਟ ਅਤੇ ਜ਼ਿਆਦਾ ਸ਼ਰਾਬ ਪੀਣ ਕਾਰਨ ਇਹ ਮਾਮਲੇ ਵੱਧ ਰਹੇ ਹਨ। ਮੂੰਹ ਦੇ ਕੈਂਸਰ ਦੇ ਆਲੇ ਦੁਆਲੇ ਦਾ ਸਟਿਗਮਾ ਬਦਲ ਗਿਆ ਹੈ। ਇਹ ਹੁਣ ਇੱਕ ਕੈਂਸਰ ਹੈ, ਜੋ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਮੂੰਹ ਦਾ ਕੈਂਸਰ ਪੀੜਤ ਦੀ ਜ਼ਿੰਦਗੀ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। ਇਹ ਵਿਅਕਤੀ ਦੇ ਬੋਲਣ ਦੇ ਤਰੀਕੇ ਵਿੱਚ ਬਦਲਾਅ ਲਿਆ ਸਕਦਾ ਹੈ। ਖਾਣਾ-ਪੀਣਾ ਮੁਸ਼ਕਲ ਹੋ ਸਕਦਾ ਹੈ ਜਾਂ ਕਿਸੇ ਵਿਅਕਤੀ ਦੀ ਸਰੀਰਕ ਦਿੱਖ ਨੂੰ ਵੀ ਵਿਗਾੜ ਸਕਦਾ ਹੈ।
ਕੈਂਸਰ ਦੀ ਪਛਾਣ ਕਰਨ ਦਾ ਸਹੀ ਤਰੀਕਾ
ਕੈਂਸਰ ਦੀ ਪਛਾਣ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਜੇਕਰ ਤੁਹਾਨੂੰ ਕਦੇ ਵੀ ਤੁਹਾਡੇ ਸਰੀਰ ਵਿੱਚ ਕੋਈ ਅਸਾਧਾਰਨ ਚੀਜ਼ ਨਜ਼ਰ ਆਉਂਦੀ ਹੈ, ਤਾਂ ਬਿਲਕੁਲ ਵੀ ਦੇਰ ਨਾ ਕਰੋ ਅਤੇ ਤੁਰੰਤ ਡਾਕਟਰ ਕੋਲ ਜਾਓ ਅਤੇ ਆਪਣੀ ਜਾਂਚ ਕਰਵਾਓ।
ਨੈਸ਼ਨਲ ਹੈਲਥ ਸਰਵਿਸ (NHS) ਦੇ ਅਨੁਸਾਰ, ਮੂੰਹ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਟਿਊਮਰ ਜੀਭ ਦੀ ਸਤਹ 'ਤੇ, ਗੱਲ੍ਹਾਂ, ਬੁੱਲ੍ਹਾਂ ਜਾਂ ਮਸੂੜਿਆਂ ਦੇ ਅੰਦਰ ਦਿਖਾਈ ਦਿੰਦਾ ਹੈ। ਕਈ ਵਾਰ ਇਹ ਇੱਕ ਛੋਟੀ ਜਿਹੀ ਗੰਢ ਦੇ ਰੂਪ ਵਿੱਚ ਫੜਿਆ ਜਾ ਸਕਦਾ ਹੈ। ਮੂੰਹ ਦੇ ਕੈਂਸਰ ਦੀ ਪਛਾਣ ਕਰਨ ਲਈ, ਤੁਹਾਨੂੰ ਤੁਹਾਡੇ ਮੂੰਹ ਵਿੱਚ ਪੈਦਾ ਹੋਣ ਵਾਲੇ ਕੁਝ ਲੱਛਣਾਂ ਵੱਲ ਧਿਆਨ ਦੇਣਾ ਪਵੇਗਾ, ਜਿਵੇਂ ਕਿ-
- ਮੂੰਹ ਵਿੱਚ ਦਰਦਨਾਕ ਛਾਲੇ ਜਿਹੜੇ ਕਈ ਹਫ਼ਤਿਆਂ ਬਾਅਦ ਵੀ ਠੀਕ ਨਹੀਂ ਹੁੰਦੇ।
- ਮੂੰਹ ਜਾਂ ਗਰਦਨ ਵਿੱਚ ਲਗਾਤਾਰ ਗੰਢ ਬਣਨਾ
- ਦੰਦਾਂ ਦਾ ਢਿੱਲਾ ਹੋਣਾ ਜਾਂ ਸਾਕਟ ਜੋ ਕੱਢਣ ਤੋਂ ਬਾਅਦ ਠੀਕ ਨਹੀਂ ਹੁੰਦੇ
- ਬੁੱਲ੍ਹਾਂ ਜਾਂ ਜੀਭ ਦਾ ਸੁੰਨ ਹੋਣਾ
- ਮੂੰਹ ਜਾਂ ਜੀਭ ਦੀ ਸਤ੍ਹਾ 'ਤੇ ਚਿੱਟੇ ਚਟਾਕ ਜਾਂ ਲਾਲ ਚਟਾਕ ਨਜ਼ਰ ਆਉਣਾ
- ਤੁਹਾਡੇ ਬੋਲਣ ਦੇ ਢੰਗ ਵਿੱਚ ਬਦਲਾਅ, ਜਿਵੇਂ ਕਿ ਤੋਤਲਾ ਬੋਲਣ ਵਿੱਚ ਅਚਾਨਕ ਵਾਧਾ ਹੋਣਾ
ਜੇਕਰ ਤੁਸੀਂ ਆਪਣੇ ਮੂੰਹ ਦੇ ਅੰਦਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਕਰ ਰਹੇ ਹੋ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਵਾਓ। ਮੂੰਹ ਦੇ ਕੈਂਸਰ ਦੀ ਸਮੱਸਿਆ ਆਮ ਤੌਰ 'ਤੇ ਸਿਗਰਟ ਪੀਣ, ਸ਼ਰਾਬ ਪੀਣ ਜਾਂ ਤੰਬਾਕੂ ਖਾਣ ਨਾਲ ਹੁੰਦੀ ਹੈ। ਹਾਲਾਂਕਿ ਕਈ ਵਾਰ ਇਹ ਬਿਮਾਰੀ ਉਨ੍ਹਾਂ ਲੋਕਾਂ 'ਚ ਵੀ ਦੇਖਣ ਨੂੰ ਮਿਲਦੀ ਹੈ ਜੋ ਇਨ੍ਹਾਂ ਆਦਤਾਂ ਤੋਂ ਦੂਰ ਰਹਿੰਦੇ ਹਨ। ਮੂੰਹ ਦੇ ਕੈਂਸਰ ਦਾ ਇਲਾਜ 3 ਤਰੀਕਿਆਂ ਨਾਲ ਕੀਤਾ ਜਾਂਦਾ ਹੈ, ਪਹਿਲਾ- ਸਰਜਰੀ ਦੁਆਰਾ ਕੈਂਸਰ ਸੈੱਲਾਂ ਨੂੰ ਹਟਾਉਣਾ, ਦੂਜਾ- ਰੇਡੀਓਥੈਰੇਪੀ ਅਤੇ ਤੀਜਾ- ਕੀਮੋਥੈਰੇਪੀ।
ਇਹ ਵੀ ਪੜ੍ਹੋ:ਕਈ ਖਿੱਚ ਜਾਂਦੇ ਪੂਰੀ ਬੋਤਲ, ਜਾਣੋ ਕਿਸੇ ਵਿਅਕਤੀ ਦੀ ਕਿੰਨੀ ਲਿਮਟ? ਇੱਕ ਦਿਨ ਵਿੱਚ ਇਸ ਤੋਂ ਵੱਧ ਨਹੀਂ ਲਾ ਸਕਦੇ ਪੈੱਗ!