ਭਿੰਡੀ ਦੀ ਸਬਜ਼ੀ ਖਾਣ ਵਿੱਚ ਕਾਫੀ ਸੁਆਦਿਸ਼ਟ ਹੁੰਦੀ ਹੈ ਇਸ ਲਈ ਬੱਚਿਆਂ ਤੋਂ ਲੈ ਕੇ ਵੱਡੇ ਚਾਅ ਦੇ ਨਾਲ ਇਸ ਨੂੰ ਖਾਂਦੇ ਹਨ। ਇਸ ਸਬਜ਼ੀ ਦੀ ਖਾਸ ਗੱਲ ਇਹ ਹੈ ਕਿ ਇਹ ਸੁਆਦ ਵਾਲੀ ਹੋਣ ਦੇ ਨਾਲ-ਨਾਲ ਬਹੁਤ ਥੋੜ੍ਹੇ ਸਮੇਂ ਵਿੱਚ ਤਿਆਰ ਵੀ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਨਾਸ਼ਤੇ ਦੇ ਵਿੱਚ ਖਾਣਾ ਪਸੰਦ ਕਰਦੇ ਹਨ। ਜੇ ਗੱਲ ਕਰੀਏ ਇਸ ਵਿੱਚ ਪਾਏ ਜਾਂਦੇ ਪੋਸ਼ਣ ਤੱਤਾਂ ਦੀ, ਤਾਂ ਭਿੰਡੀ ਵਿੱਚ ਪ੍ਰੋਟੀਨ, ਫਾਈਬਰ, ਆਇਰਨ, ਕੈਲਸ਼ੀਅਮ, ਪੋਟਾਸ਼ਿਅਮ, ਮੈਗਨੀਸ਼ੀਅਮ, ਜ਼ਿੰਕ, ਮੈਂਗਨੀਜ਼, ਕੌਪਰ, ਫਾਸਫੋਰਸ ਅਤੇ ਐਂਟੀਆਕਸੀਡੈਂਟ ਵਰਗੇ ਕਈ ਗੁਣ ਹੁੰਦੇ ਹਨ ਜੋ ਇਸਨੂੰ ਸਿਹਤ ਲਈ ਲਾਭਕਾਰੀ ਬਣਾਉਂਦੇ ਹਨ।

ਇਨ੍ਹਾਂ ਸਭ ਗੁਣਾਂ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁਝ ਬਿਮਾਰੀਆਂ ਵਿੱਚ ਭਿੰਡੀ ਖਾਣੀ ਮਨ੍ਹਾਂ ਕੀਤੀ ਜਾਂਦੀ ਹੈ? ਅਜਿਹਾ ਕਰਨ 'ਤੇ ਸੁਆਦ ਅਤੇ ਸਿਹਤ ਦਾ ਖਿਆਲ ਰੱਖਣ ਵਾਲੀ ਭਿੰਡੀ ਕਈ ਵਾਰੀ ਨੁਕਸਾਨ ਕਰਨ ਲੱਗ ਜਾਂਦੀ ਹੈ। ਆਓ ਜਾਣੀਏ ਕਿ ਆਖ਼ਰ ਕਿਹੜੀਆਂ ਬਿਮਾਰੀਆਂ ਵਿੱਚ ਭਿੰਡੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

               

ਇਨ੍ਹਾਂ ਬਿਮਾਰੀਆਂ ਵਿੱਚ ਭੁੱਲਕੇ ਵੀ ਨਾ ਕਰੋ ਭਿੰਡੀ ਦਾ ਸੇਵਨ

ਗੈਸ ਅਤੇ ਅਫ਼ਾਰਾ (ਬਲੋਟਿੰਗ):

ਜੇਕਰ ਤੁਹਾਡਾ ਪਾਚਣ ਤੰਤਰ ਪਹਿਲਾਂ ਤੋਂ ਹੀ ਕਮਜ਼ੋਰ ਹੈ, ਤਾਂ ਭਿੰਡੀ ਖਾਣ ਤੋਂ ਪਰਹੇਜ਼ ਕਰੋ। ਭਿੰਡੀ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਗੈਸ ਅਤੇ ਅਫ਼ਾਰੇ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸਦੇ ਨਾਲ ਹੀ, ਭਿੰਡੀ ਵਧੇਰੇ ਖਾਣ ਨਾਲ ਕਬਜ਼ ਅਤੇ ਐਸਿਡਿਟੀ ਵਰਗੀਆਂ ਪਾਚਣ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇ ਤੁਹਾਨੂੰ ਪਹਿਲਾਂ ਤੋਂ ਹੀ ਪਾਚਣ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ, ਤਾਂ ਭਿੰਡੀ ਖਾਣ ਤੋਂ ਗੁਰੇਜ਼ ਕਰੋ।

ਗੁਰਦੇ ਸੰਬੰਧੀ ਸਮੱਸਿਆ:

ਜਿਨ੍ਹਾਂ ਲੋਕਾਂ ਨੂੰ ਗੁਰਦਿਆਂ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਵੀ ਭਿੰਡੀ ਖਾਣੀ ਨਹੀਂ ਚਾਹੀਦੀ। ਭਿੰਡੀ ਦਾ ਸੇਵਨ ਗੁਰਦੇ ਜਾਂ ਗਾਲ ਬਲੈਡਰ ਵਿੱਚ ਪੱਥਰੀ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਭਿੰਡੀ ਵਿੱਚ ਆਕਸਲੇਟ (Oxalate) ਦੀ ਮਾਤਰਾ ਕਾਫੀ ਵੱਧ ਹੁੰਦੀ ਹੈ, ਜੋ ਪੱਥਰੀ ਦੀ ਸਮੱਸਿਆ ਨੂੰ ਗੰਭੀਰ ਬਣਾ ਸਕਦੀ ਹੈ। ਇਸ ਲਈ, ਗੁਰਦੇ ਦੀ ਬਿਮਾਰੀ ਨਾਲ ਪੀੜਤ ਲੋਕ ਭਿੰਡੀ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ।

ਸਰਦੀ-ਜ਼ੁਕਾਮ ਵਿੱਚ ਭਿੰਡੀ ਤੋਂ ਬਚੋ:

ਭਿੰਡੀ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਸਰਦੀ, ਜ਼ੁਕਾਮ ਜਾਂ ਸਾਇਨਸ ਦੀ ਸਮੱਸਿਆ ਨਾਲ ਪੀੜਤ ਹੋ, ਤਾਂ ਭਿੰਡੀ ਖਾਣ ਤੋਂ ਭੁੱਲਕੇ ਵੀ ਗੁਰੇਜ਼ ਕਰੋ। ਇਹ ਗਲਤੀ ਤੁਹਾਡੀ ਸਰਦੀ, ਖੰਘ ਅਤੇ ਜ਼ੁਕਾਮ ਦੀ ਤਕਲੀਫ਼ ਨੂੰ ਹੋਰ ਵਧਾ ਸਕਦੀ ਹੈ।

ਉੱਚ ਬੀਪੀ (ਹਾਈ ਬਲੱਡ ਪ੍ਰੈਸ਼ਰ):

ਜਿਨ੍ਹਾਂ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਭਿੰਡੀ ਖਾਣੀ ਨਹੀਂ ਚਾਹੀਦੀ। ਭਿੰਡੀ ਵਿੱਚ ਪੋਟਾਸ਼ਿਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਦੇ ਖ਼ਤਰੇ ਨੂੰ ਵਧਾ ਸਕਦੀ ਹੈ।

ਐਲਰਜੀ ਦੀ ਸਮੱਸਿਆ:

ਕੁਝ ਲੋਕਾਂ ਨੂੰ ਭਿੰਡੀ ਖਾਣ ਨਾਲ ਐਲਰਜੀ ਹੋ ਜਾਂਦੀ ਹੈ। ਜਿਸ ਕਰਕੇ ਉਨ੍ਹਾਂ ਦੀ ਚਮੜੀ 'ਤੇ ਲਾਲ-ਲਾਲ ਦਾਗ ਪੈ ਸਕਦੇ ਹਨ, ਖੁਜਲੀ ਹੋ ਸਕਦੀ ਹੈ ਜਾਂ ਹੋਰ ਐਲਰਜਿਕ ਰੀਐਕਸ਼ਨ ਵੀ ਆ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਭਿੰਡੀ ਨਾਲ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਇਸਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।