ਚੰਡੀਗੜ੍ਹ: ਉਦਯੋਗਿਕ ਖੇਤਰ ਦੇ ਨਜ਼ਦੀਕ ਜਨਮ ਲੈਣ ਵਾਲੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਅਮਰੀਕੀ ਅਧਿਐਨ 'ਚ ਸਾਵਧਾਨ ਕੀਤਾ ਗਿਆ ਹੈ ਕਿ ਇਨ੍ਹਾਂ ਬੱਚਿਆਂ 'ਚ ਅਸਥਮਾ ਤੇ ਬੇਵਕਤੀ ਮੌਤ ਦਾ ਖ਼ਤਰਾ ਵਧ ਸਕਦਾ ਹੈ। ਖੋਜੀਆਂ ਨੇ ਪਾਇਆ ਕਿ ਉਦਯੋਗਿਕ ਥਾਂ ਦੇ 0.8 ਕਿਮੀ ਦੇ ਦਾਇਰੇ 'ਚ ਪੈਦਾ ਹੋਣ ਵਾਲੇ ਬੱਚਿਆਂ ਦਾ ਜਨਮ ਸਮੇਂ ਵਜ਼ਨ ਵੀ ਘੱਟ ਹੋ ਸਕਦਾ ਹੈ।
ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜੀ ਜੈਨੇਟ ਕਰੀ ਨੇ ਕਿਹਾ ਕਿ ਅਜਿਹੇ ਸਬੂਤ ਮਿਲੇ ਹਨ ਜਿਸ ਤੋਂ ਜਾਹਰ ਹੁੰਦਾ ਹੈ ਕਿ ਗਰਭ 'ਚ ਪਲ ਰਹੇ ਬੱਚਿਆਂ 'ਤੇ ਭਾਰੀ ਉਦਯੋਗਿਕ ਸਰਗਰਮੀਆਂ ਦਾ ਨਕਾਰਾਤਮਕ ਅਸਰ ਪੈਂਦਾ ਹੈ।
ਇਹ ਨਤੀਜਾ ਸਾਲ 2004 ਤੋਂ 2013 ਦੌਰਾਨ ਪੈਨਸਿਲਵੇਨੀਆ 'ਚ ਉਦਯੋਗਿਕ ਇਲਾਕਿਆਂ ਦੇ ਆਸਪਾਸ ਤੇ ਇਨ੍ਹਾਂ ਸਥਾਨਾਂ ਤੋਂ ਦੂਰ ਜਨਮ ਲੈਣ ਵਾਲੇ 11 ਲੱਖ ਬੱਚਿਆਂ ਦੇ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ।