ਚੰਡੀਗੜ੍ਹ: ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਜ਼ਮਾਈ ਹੋਈ ਪਲਾਜ਼ਮਾ ਥੈਰੇਪੀ ਦਾ ਪੰਜਾਬ ਸਰਕਾਰ ਵੀ ਟਰਾਇਲ ਕਰੇਗੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐਮਆਰ) ਤੋਂ ਕਰੋਨਾਵਾਇਰਸ ਦੇ ਮਰੀਜ਼ਾਂ ’ਤੇ ਪਲਾਜ਼ਮਾ ਥੈਰੇਪੀ ਦਾ ਟਰਾਇਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਵਧੀਕ ਮੁੱਖ ਸਕੱਤਰ (ਸਿਹਤ) ਵਿੰਨੀ ਮਹਾਜਨ ਨੇ ਕਿਹਾ ਕਿ ਇਹ ਟਰਾਇਲ ਜਲਦੀ ਹੀ ਸ਼ੁਰੂ ਹੋਣ ਦੀ ਆਸ ਹੈ।


ਪਲਾਜ਼ਮਾ ਥੈਰੇਪੀ ਦਾ ਟਰਾਇਲ ਕਰਨ ਲਈ ਜਿਨ੍ਹਾਂ ਹਸਪਤਾਲਾਂ ਜਾਂ ਸੰਸਥਾਵਾਂ ਨੂੰ ਭਾਈਵਾਲ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ, ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸਾਇੰਸ ਤੇ ਖੋਜ ਸੰਸਥਾ ਅੰਮ੍ਰਿਤਸਰ, ਕ੍ਰਿਸਚਨ ਮੈਡੀਕਲ ਕਾਲਜ ਤੇ ਹਸਪਤਾਲ, ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਸ਼ਾਮਲ ਹਨ।

ਦੱਸ ਦਈਏ ਕਿ ਪਹਿਲਾਂ ਪਲਾਜ਼ਮਾ ਥੈਰੇਪੀ ਦਾ ਟਰਾਇਲ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੀਤਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੇ ਚੰਗੇ ਨਤੀਜੇ ਆਉਣ ਦਾ ਦਾਅਵਾ ਕੀਤਾ ਸੀ ਪਰ ਕੇਂਦਰ ਸਰਕਾਰ ਨੇ ਇਸ ਨਾਲ ਇਲਾਜ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਪਲਾਜ਼ਮਾ ਥੈਰੇਪੀ ਅਜੇ ਪਰਖ ਅਧੀਨ ਹੈ।