ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਵੱਧ ਸਕਦਾ ਭਾਰ
ਏਬੀਪੀ ਸਾਂਝਾ | 05 Dec 2017 09:16 AM (IST)
ਚੰਡੀਗੜ੍ਹ : ਸਵੇਰ ਦਾ ਨਾਸ਼ਤਾ ਨਾ ਕਰਨਾ ਸਿਹਤ 'ਤੇ ਭਾਰੀ ਪੈ ਸਕਦਾ ਹੈ। ਨਵੀਂ ਖੋਜ 'ਚ ਸਾਵਧਾਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਆਦਤ ਨਾਲ ਨਾ ਸਿਰਫ਼ ਸਰੀਰ ਦਾ ਅੰਦਰੂਨੀ ਜੈਵਿਕ ਚੱਕਰ ਗੜਬੜਾ ਸਕਦਾ ਹੈ ਬਲਕਿ ਵਜ਼ਨ ਵੀ ਵੱਧ ਸਕਦਾ ਹੈ। ਨਾਸ਼ਤਾ ਨਾ ਕਰਨ ਵਰਗੀ ਖਾਣ ਪੀਣ ਦੀ ਬੇਨਿਯਮੀ ਆਦਤ ਦਾ ਸਬੰਧ ਆਮ ਤੌਰ 'ਤੇ ਮੋਟਾਪੇ, ਟਾਈਪ-2 ਡਾਇਬਟੀਜ਼ ਅਤੇ ਦਿਲ ਦੇ ਰੋਗ ਨਾਲ ਹੈ। ਖਾਣਾ ਖਾਣ ਦੇ ਸਮੇਂ ਦਾ ਹਾਲਾਂਕਿ ਸਰੀਰ ਦੇ ਅੰਦਰੂਨੀ ਜੈਵਿਕ ਚੱਕਰ 'ਤੇ ਪੈਣ ਵਾਲਾ ਅਸਰ ਹਾਲੇ ਤਕ ਪੂਰੀ ਤਰ੍ਹਾਂ ਨਾਲ ਸਪਸ਼ਟ ਨਹੀਂ ਹੋ ਸਕਿਆ। ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਅਤੇ ਹਿਬਰੂ ਯਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਜੈਵਿਕ ਚੱਕਰ ਨਾਲ ਸਬੰਧਤ ਕਲਾਕ ਜੀਨ 'ਤੇ ਨਾਸ਼ਤਾ ਕਰਨ ਦਾ ਅਸਰ ਪੈਂਦਾ ਹੈ। ਇਹ ਜੀਨ ਸਿਹਤਮੰਦ ਲੋਕਾਂ ਅਤੇ ਡਾਇਬਟੀਜ਼ ਪੀੜਤਾਂ 'ਚ ਖਾਣਾ ਖਾਣ ਤੋਂ ਬਾਅਦ ਦੇ ਗਲੂਕੋਜ਼ ਅਤੇ ਇੰਸੁਲਿਨ ਪ੍ਰਤੀਿਯਆਵਾਂ ਨੂੰ ਕੰਟਰੋਲ ਕਰਦਾ ਹੈ। ਖੋਜਕਰਤਾ ਡੈਨੀਅਲ ਜੈਗੂਬੋਵਿਚ ਨੇ ਕਿਹਾ ਕਿ ਸਾਡੀ ਖੋਜ ਤੋਂ ਜਾਹਿਰ ਹੁੰਦਾ ਹੈ ਕਿ ਨਾਸ਼ਤਾ ਕਰਨ ਨਾਲ ਕਲਾਕ ਜੀਨ ਸਰਗਰਮ ਹੁੰਦੇ ਹਨ ਅਤੇ ਸਿੱਟੇ ਵਜੋਂ ਗਲਾਇਸੇਮਿਕ ਕੰਟਰੋਲ ਬਿਹਤਰ ਹੁੰਦਾ ਹੈ। ਸਵੇਰੇ ਸਾਢੇ ਨੌਂ ਵਜੇ ਤੋਂ ਪਹਿਲਾਂ ਨਾਸ਼ਤਾ ਕਰਨ ਨਾਲ ਨਾ ਸਿਰਫ਼ ਮੈਟਾਬਾਲਿਜ਼ਮ 'ਚ ਸੁਧਾਰ ਹੋ ਸਕਦਾ ਹੈ ਬਲਕਿ ਵਜ਼ਨ ਘਟਾਉਣ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਤੋਂ ਬਚਾਅ 'ਚ ਮਦਦ ਮਿਲ ਸਕਦੀ ਹੈ।