ਇਸਲਾਮਾਬਾਦ: ਪਾਕਿਸਤਾਨ ਵਿੱਚ ਔਰਤਾਂ ਦੇ ਸਪਾਈਨਲ ਫਲਿਊਡ ਚੋਰੀ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਬੀਬੀਸੀ ਉਰਦੂ ਨੂੰ ਦੱਸਿਆ ਹੈ ਕਿ ਇਹ ਮੁਲਜ਼ਮ ਔਰਤਾਂ ਨੂੰ ਕਹਿੰਦੇ ਸੀ ਕਿ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਹਾਸਲ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਆਪਣੇ ਖ਼ੂਨ ਦੀ ਜਾਂਚ ਕਰਾਉਣੀ ਹੋਵੇਗੀ। ਖ਼ੂਨ ਦੇ ਬਹਾਨੇ ਉਨ੍ਹਾਂ ਦਾ ਸਪਾਈਨਲ ਫਲਿਊਡ ਕੱਢ ਲਿਆ ਤੇ ਉਸ ਦੀ ਕਾਲਾਬਾਜ਼ਾਰੀ ਦੀ ਕੋਸ਼ਿਸ਼ ਕੀਤੀ।

ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਗੈਂਗ ਨੇ 12 ਔਰਤਾਂ ਦਾ ਸਪਾਈਨਲ ਫਲਿਊਡ ਚੋਰੀ ਕੀਤਾ ਹੈ ਜਿਸ ਵਿੱਚ ਇੱਕ ਨਾਬਲਿਗ ਲੜਕੀ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਪੁਲਿਸ ਨੂੰ ਇਸ ਕਾਲਾਬਾਜ਼ਾਰੀ ਦਾ ਉਦੋਂ ਪਤਾ ਲੱਗਾ ਜਦੋਂ ਇਸ ਪ੍ਰਕਿਰਿਆ ਤੋਂ ਬਾਅਦ 17 ਸਾਲਾ ਲੜਕੀ ਨੂੰ ਕਮਜ਼ੋਰੀ ਮਹਿਸੂਸ ਹੋਈ। ਇਹ ਗੈਂਗ ਸਰਕਾਰ ਵੱਲੋਂ ਔਰਤਾਂ ਨੂੰ ਮਦਦ ਦੇਣ ਲਈ ਖ਼ੂਨ ਦੇ ਟੈਸਟ ਕਰਵਾਉਣ ਦੇ ਨਾਮ ਹੇਠ ਇਹ ਕੰਮ ਕਰਦਾ ਸੀ। ਇਸ ਕੰਮ ਨੂੰ ਅੰਜਾਮ ਔਰਤਾਂ ਦੇ ਘਰ ਵਿੱਚ ਹੀ ਦਿੱਤਾ ਜਾਂਦਾ ਸੀ।



ਇਰਾਕ ਵਿੱਚ ਇੱਕ ਮਰੀਜੀ ਦੀ ਰੀਡ ਦੀ ਹੱਡੀ 'ਚੋਂ ਸਪਾਈਨਲ ਫਲਿਊਡ ਕੱਢਦਾ(ਜਾਂਚ ਲਈ) ਹੋਇਆ ਡਾਕਟਰ।


ਕੀ ਹੁੰਦਾ ਹੈ ਸਪਾਈਨਲ ਫਲਿਊਡ-

ਸਪਾਈਨਲ ਫਲਿਊਡ ਇੱਕ ਪਾਰਦਰਸ਼ੀ ਤਰਲ ਪਦਾਰਥ ਹੁੰਦਾ ਹੈ, ਜਿਹੜਾ ਦਿਮਾਗ਼ ਤੇ ਰੀਡ ਦੀ ਹੱਡੀ ਦੇ ਚਾਰੇ ਪਾਸੇ ਹੁੰਦਾ ਹੈ। ਜਿਹੜਾ ਮਰੀਜ਼ ਨੂੰ ਝਟਕੇ ਤੇ ਸੱਟ ਤੋਂ ਬਚਾਉਂਦਾ ਹੈ। ਇਸ ਨੂੰ ਸਪਾਈਨਲ ਨਲੀ ਵਿੱਚ ਸੂਈ ਪਾ ਕੇ ਕੱਢਿਆ ਜਾਂਦਾ ਹੈ। ਇਸ ਨੂੰ ਸਾਧਾਰਨ ਤੌਰ ਉੱਤੇ ਕਿਸੇ ਬਿਮਾਰੀ ਦੀ ਜਾਂਚ ਲਈ ਹੀ ਕੱਢਿਆ ਜਾਂਦਾ ਹੈ।

ਇਹ ਹੁਣ ਤੱਕ ਸਾਫ਼ ਨਹੀਂ ਹੈ ਕਿ ਬਲੈਕ ਮਾਰਕੀਟ ਵਿੱਚ ਇਸ ਦਾ ਕਿਉਂ ਇਸਤੇਮਾਲ ਹੁੰਦਾ ਹੈ। ਸਿਹਤ ਮੰਤਰਾਲੇ ਨੇ ਇਸ ਕੇਸ ਦੀ ਜਾਂਚ ਲਈ  ਕਮੇਟੀ ਬਣਾਈ ਹੈ। ਫੜੇ ਗਏ ਗੈਂਗ ਦੇ ਚਾਰੇ ਵਿਅਕਤੀ ਫ਼ਿਲਹਾਲ ਪੁਲਿਸ ਹਿਰਾਸਤ ਵਿੱਚ ਹਨ।

ਇਹ ਪਹਿਲਾ ਬਾਰ ਨਹੀਂ ਹੈ ਜਦੋਂ ਪਾਕਿਸਤਾਨ ਵਿੱਚ ਮੈਡੀਕਲ ਖੇਤਰ ਨਾਲ ਜੁੜੀ ਅਜਿਹੀ ਘਟਨਾ ਸੁਰਖ਼ੀ ਬਣੀ ਹੋਵੇ। ਸਾਲ 2016 ਦੇ ਆਖ਼ਰ ਵਿੱਚ ਪੁਲਿਸ ਨੇ ਰਾਵਲਪਿੰਡੀ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਕਰਨ ਵਾਲੇ ਗੈਂਗ ਦੇ ਕਬਜ਼ੇ ਤੋਂ 24 ਲੋਕਾਂ ਨੂੰ ਛੁਡਵਾਇਆ ਸੀ।

ਪਾਕਿਸਤਾਨ ਨੇ 2010 ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਨੂੰ ਗ਼ੈਰਕਾਨੂੰਨੀ ਕਰ ਦਿੱਤਾ ਸੀ ਪਰ ਜਾਣਕਾਰਾਂ ਮੁਤਾਬਕ ਪਾਕਿਸਤਾਨ ਹੁਣ ਵੀ ਮਾਨਵ ਅੰਗਾਂ ਦੀ ਤਸਕਰੀ ਦਾ ਵੱਡਾ ਕੇਂਦਰ ਹੈ।