ਗਲਤੀ ਨਾਲ ਵੀ ਨਾ ਖਾਓ ਹਰੇ ਆਲੂ, ਇਹ ਹੋ ਸਕਦੇ ਨੁਕਸਾਨ
ਏਬੀਪੀ ਸਾਂਝਾ | 20 Apr 2016 05:58 PM (IST)
ਚੰਡੀਗੜ੍ਹ: ਨਵੇਂ ਆਲੂ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਦੀ ਵੀ ਐਕਸਪਾਇਰੀ ਡੇਟ ਹੁੰਦੀ ਹੈ। ਜੀ ਹਾਂ, ਹਰੇ ਪੈ ਚੁੱਕੇ ਆਲੂ ਖਾਣਾ ਖਤਰਨਾਕ ਹੋ ਸਕਦਾ ਹੈ। ਹਰਾ ਹੋਇਆ ਆਲੂ ਕੱਟ ਕੇ ਖਾਣ ਨਾਲੋਂ ਸੁੱਟ ਦੇਣਾ ਚਾਹੀਦਾ ਹੈ ਕਿਉਂਕਿ ਇਸ 'ਚ ਸੋਲਾਨਾਈਨ ਕਿਸਮ ਦਾ ਜਹਿਰ ਫੈਲ ਜਾਂਦਾ ਹੈ। ਆਮ ਤੌਰ 'ਤੇ ਸੋਲਾਨਾਈਨ ਉਨ੍ਹਾਂ ਆਲੂਆਂ 'ਚ ਹੁੰਦਾ ਹੈ ਜਿਥੇ ਆਲੂ ਸਹੀ ਢੰਗ ਨਾਲ ਨਾ ਰੱਖੇ ਜਾਣ ਜਾਂ ਲੰਬੇ ਸਮੇਂ ਤੱਕ ਗ਼ਲਤ ਤਾਪਮਾਨ 'ਚ ਰੱਖ ਦਿੱਤੇ ਜਾਣ। ਸੋਲਾਨਾਈਨ ਵਾਲੇ ਆਲੂ ਖਾਣ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਮੁਤਾਬਕ, 45 ਕਿੱਲੋ ਦਾ ਇਨਸਾਨ ਤਕਰੀਬਨ ਅੱਧਾ ਕਿੱਲੋ ਹਰੇ ਆਲੂ ਖਾਏਗਾ ਤਾਂ ਬਹੁਤ ਬਿਮਾਰ ਪਏਗਾ। ਹਾਲਾਂਕਿ ਘੱਟ ਮਾਤਰਾ 'ਚ ਵੀ ਹਰੇ ਆਲੂ ਨਹੀਂ ਖਾਣੇ ਚਾਹੀਦੇ। ਗਲਤੀ ਨਾਲ ਕੁਝ ਮਾਤਰਾ 'ਚ ਹਰੇ ਆਲੂ ਖਾ ਲਏ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ। ਰਿਪੋਰਟ 'ਚ 'ਦ ਫੂਡ ਸੇਫਟੀ ਅਥਾਰਿਟੀ ਆਫ ਆਈਲੈਂਡ' ਦੇ ਹਵਾਲੇ ਨਾਲ ਲਿਖਿਆ ਹੈ ਕਿ ਜੇਕਰ ਆਲੂ ਖਾਣ ਬਾਅਦ ਪੇਟ 'ਚ ਦਰਦ ਹੋਵੇ ਜਾਂ ਨੀਂਦ ਆਏ ਤਾਂ ਸਮਝ ਲਓ ਕਾਫੀ ਮਾਤਰਾ 'ਚ ਸੋਲਾਨਾਈਨ ਯੁਕਤ ਆਲੂ ਖਾ ਲਿਆ ਹੈ। ਅਥਾਰਿਟੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਤੁਹਾਨੂੰ ਆਲੂਆਂ ਦਾ ਸਵਾਦ ਖਰਾਬ ਲੱਗੇ ਜਾਂ ਕੁਝ ਗੜਬੜ ਲੱਗੇ ਤਾਂ ਆਲੂਆ ਨੂੰ ਸੁੱਟ ਦਿਓ। ਅਜਿਹਾ ਨਾ ਕਰਨ 'ਤੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਆਲੂ ਨੂੰ ਜੇਕਰ ਸਹੀ ਤਾਪਮਾਨ 'ਤੇ ਨਾ ਰੱਖਿਆ ਜਾਏ ਤਾਂ ਉਹ ਖ਼ਰਾਬ ਹੋਣ ਲੱਗਦੇ ਹਨ। ਆਲੂ ਨੂੰ ਹਮੇਸ਼ਾ ਸੁੱਕੀ ਜਗ੍ਹਾ 'ਤੇ ਹਨੇਰੇ 'ਚ ਰੱਖਣਾ ਬਿਹਤਰ ਹੁੰਦਾ ਹੈ। ਅਜਿਹਾ ਨਾ ਕਰੋਗੇ ਤਾਂ ਆਲੂ ਖ਼ਰਾਬ ਹੋ ਸਕਦੇ ਹਨ ਤੇ ਸਿਹਤ ਲਈ ਨੁਕਸਾਨਦਾਇਕ ਵੀ। ਆਲੂ ਨੂੰ ਨਰਮ ਜਾਂ ਗਰਮ ਜਗ੍ਹਾ 'ਤੇ ਰੱਖਣ ਨਾਲ ਉਹ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਤੇ ਇਨ੍ਹਾਂ ਦਾ ਰੰਗ ਵੀ ਹਰਾ ਹੋਣ ਲੱਗਦਾ ਹੈ।