Plastic found in human heart: ਪਲਾਸਟਿਕ ਮਨੁੱਖ ਲਈ ਬਹੁਤ ਹਾਨੀਕਾਰਕ ਹੈ ਤੇ ਇਹ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਹਾਲ ਹੀ ਵਿੱਚ ਇੱਕ ਖੋਜ ਸਾਹਮਣੇ ਆਈ ਹੈ ਜਿਸ ਵਿੱਚ ਖੋਜਕਰਤਾਵਾਂ ਨੇ ਮਨੁੱਖੀ ਦਿਲ ਵਿੱਚ ਪਲਾਸਟਿਕ ਦੇ ਕਣ ਪਾਏ ਜਾਣ ਦਾ ਦਾਅਵਾ ਕੀਤਾ ਹੈ। ਏਸੀਐਸ ਐਨਵਾਇਰਮੈਂਟ ਸਾਇੰਸ ਐਂਡ ਟੈਕਨਾਲੋਜੀ ਦੀ ਇੱਕ ਖੋਜ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਦਿਲ ਦੀ ਸਰਜਰੀ ਦੌਰਾਨ ਕਈ ਮਰੀਜ਼ਾਂ ਦੇ ਦਿਲ ਵਿੱਚੋਂ ਪਲਾਸਟਿਕ ਦੇ ਕਣ ਨਿਕਲੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕਣ ਕਿਸੇ ਨਾ ਕਿਸੇ ਕਾਰਨ ਮਨੁੱਖੀ ਸਰੀਰ ਵਿੱਚ ਦਾਖਲ ਹੋਏ ਤੇ ਖ਼ਤਰੇ ਦਾ ਕਾਰਨ ਬਣੇ ਹਨ।



ਖੋਜ 'ਚ ਹੋਇਆ ਹੋਸ਼ ਉਡਾਉਣ ਵਾਲਾ ਖੁਲਾਸਾ
ਅਮਰੀਕਨ ਕੈਮੀਕਲ ਸੁਸਾਇਟੀ ਦੁਆਰਾ ਪ੍ਰਕਾਸ਼ਿਤ ਅਧਿਐਨ ਅਨੁਸਾਰ, ਚੀਨ ਦੇ ਬੀਜਿੰਗ ਐਂਜੇਨ ਹਸਪਤਾਲ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਗਿਆਨੀਆਂ ਨੇ ਜਾਂਚ ਵਿੱਚ ਪਾਇਆ ਹੈ ਕਿ ਦਿਲ ਦੀ ਸਰਜਰੀ ਦੌਰਾਨ ਕਈ ਮਰੀਜ਼ਾਂ ਦੇ ਦਿਲ ਵਿੱਚ ਪਲਾਸਟਿਕ ਦੇ ਕਣ ਪਾਏ ਗਏ ਹਨ। ਇਸ ਜਾਂਚ ਵਿੱਚ 15 ਅਜਿਹੇ ਮਰੀਜ਼ ਪਾਏ ਗਏ ਜਿਨ੍ਹਾਂ ਦੇ ਦਿਲ ਦੇ ਟਿਸ਼ੂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਵਿੱਚ ਹਜ਼ਾਰਾਂ ਮਾਈਕ੍ਰੋਪਲਾਸਟਿਕ ਦੇ ਟੁਕੜੇ ਪਾਏ ਗਏ।



ਇਹ ਸਿਰਫ਼ 15 ਮਰੀਜ਼ਾਂ ਦੀ ਹੀ ਗੱਲ ਨਹੀਂ, ਸਗੋਂ ਅਜਿਹੇ ਹੋਰ ਵੀ ਕਈ ਮਰੀਜ਼ਾਂ ਵਿੱਚ ਇਹ ਮਾਮਲੇ ਸਾਹਮਣੇ ਆਏ ਹਨ। ਜਾਂਚ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਮਨੁੱਖਾਂ ਦੇ ਅੰਦਰ ਪਲਾਸਟਿਕ ਦੇ ਇਹ ਕਣ ਮੂੰਹ ਜਾਂ ਨੱਕ ਰਾਹੀਂ ਵੀ ਜਾ ਸਕਦੇ ਹਨ। ਇੰਨਾ ਹੀ ਨਹੀਂ ਇਹ ਕਣ ਦਿਲ ਜਾਂ ਸਰੀਰ ਦੇ ਕਈ ਹੋਰ ਹਿੱਸਿਆਂ 'ਚ ਵੀ ਜਾ ਸਕਦੇ ਹਨ।



ਇੰਝ ਪਲਾਸਟਿਕ ਕਣ ਸਰੀਰ ਵਿੱਚ ਦਾਖ਼ਲ ਹੁੰਦੇ
ਮਾਹਿਰਾਂ ਦੀ ਮੰਨੀਏ ਤਾਂ ਪਲਾਸਟਿਕ ਦੇ ਕਣ ਕਈ ਤਰੀਕਿਆਂ ਨਾਲ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਸਕਦੇ ਹਨ। ਉਨ੍ਹਾਂ ਅਨੁਸਾਰ ਜਦੋਂ ਵੀ ਲੋਕ ਪਲਾਸਟਿਕ ਦੇ ਗਿਲਾਸ ਤੇ ਬੋਤਲਾਂ ਵਿੱਚੋਂ ਪਾਣੀ ਪੀਂਦੇ ਹਨ ਜਾਂ ਪਲਾਸਟਿਕ ਦੀਆਂ ਪਲੇਟਾਂ ਵਿੱਚੋਂ ਗਰਮ ਭੋਜਨ ਖਾਂਦੇ ਹਨ ਤਾਂ ਪਲਾਸਟਿਕ ਪਿਘਲ ਕੇ ਸਰੀਰ ਵਿੱਚ ਦਾਖ਼ਲ ਹੋ ਸਕਦੀ ਹੈ।



ਇੰਨਾ ਹੀ ਨਹੀਂ, ਕਈ ਵਾਰ ਪਲਾਸਟਿਕ ਫੇਸ ਮਾਸਕ ਜਾਂ ਘਰਾਂ ਵਿੱਚ ਰੰਗਾਂ ਦੀ ਵਰਤੋਂ ਵੀ ਪਲਾਸਟਿਕ ਦੇ ਕਣਾਂ ਨੂੰ ਤੁਹਾਡੇ ਸਰੀਰ ਵਿੱਚ ਦਾਖਲ ਹੋਣ ਦੀ ਗੁੰਜਾਇਸ਼ ਬਣਾਉਂਦੀ ਹੈ। ਇਨ੍ਹਾਂ ਸਭ ਤੋਂ ਇਲਾਵਾ ਜੰਕ ਫੂਡ, ਪ੍ਰੋਸੈਸਡ ਫੂਡ ਤੇ ਪ੍ਰਦੂਸ਼ਿਤ ਹਵਾ ਖਾਣ ਕਾਰਨ ਵੀ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।