ਚੰਡੀਗੜ੍ਹ: ਖੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਵਿਟਾਮਿਨ ਏ ਦੀ ਘਾਟ ਨਾਲ ਅੰਧਰੇਟੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ 'ਪੰਜਾਬ ਬਲੈਕ ਬਿਊਟੀ' ਗਾਜਰ ਸਿਹਤ ਲਈ ਬੜੀ ਫਾਇਦੇਮੰਦ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਦੇ ਡਾ. ਤਰਸੇਮ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸੌ ਗ੍ਰਾਮ ਕਾਲੀ ਗਾਜਰ ਵਿੱਚ ਐਂਥੋਸਾਇਰਨ ਤੱਤ ਦੀ ਮਾਤਰਾ 182 ਮਿਲੀਗ੍ਰਾਮ ਹੈ ਜੋ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਜਿਹੜਾ ਕਿ ਭਿਆਨਕ ਬਿਮਾਰੀ ਕੈਂਸਰ, ਬੱਲੈਡ ਪ੍ਰੈਸ਼ਰ ਤੇ ਮੋਟਾਪੇ ਨੂੰ ਰੋਕਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਖੂਨ ਸਾਫ ਕਰਨਾ ਤੇ ਢਿੱਡ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਾਜਰ ਦਾ ਰੰਗ ਕਾਲਾ ਹੋਣ ਕਾਰਨ ਹੀ ਇਸ ਵਿੱਚ ਲੋਹੇ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ। ਲੋਹੇ ਦੀ ਘਾਟ ਹੋਣ ਨਾਲ ਹੀ ਖੂਨ ਦੀ ਘਾਟ ਆਉਂਦੀ ਹੈ ਜਿਸ ਨਾਲ ਅਨੀਮੀਆ ਹੋ ਜਾਂਦਾ ਹੈ। ਦੇਸ਼ ਵਿੱਚ ਕਰੀਬ 65 ਫੀਸਦੀ ਬੱਚੇ ਤੇ ਔਰਤਾਂ ਵਿੱਚ ਅਨੀਮੀਆ ਦੀ ਘਾਟ ਪਾਈ ਜਾਂਦੀ ਹੈ। ਗਾਜਰ ਵਿਚ ਮੌਜੂਦ ਲੋਹੇ ਦੀ ਮਾਤਰਾ ਅਨੀਮੀਆ ਨੂੰ ਰੋਕਣ ਵਿੱਚ ਮਦਦ ਕਰਦੀ ਹੈ।
 ਡਾ. ਤਰਸੇਮ ਦਾ ਕਹਿਣਾ ਹੈ ਕਿ ਗਾਜਰ ਵਿਚ ਵਿਟਾਮਿਨ ਏ ਦੀ ਮਾਤਰਾ ਵੀ ਕਾਫੀ ਮਾਤਰਾ ਵਿਚ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਪੰਜਾਬ ਬਲੈਕ ਬਿਊਟੀ ਵਿੱਚ ਕੈਲਸ਼ੀਅਮ ਤੇ ਜ਼ਿੰਕ ਦੀ ਮਾਤਰਾ ਵੀ ਵਧੇਰੇ ਪਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ‘ਪੰਜਾਬ ਬਲੈਕ ਬਿਊਟੀ’ ਵਿੱਚ ਲਾਲ ਗਾਜਰ ਦੇ ਮੁਕਾਬਲੇ ਜੂਸ ਦੀ ਮਾਤਰਾ ਵੀ ਵੱਧ ਹੁੰਦੀ ਹੈ। ਇਸ ਵਿੱਚ ਪ੍ਰਤੀ ਇੱਕ ਕਿੱਲੋ ਗਾਜਰ ਨਾਲ 580 ਮਿਲੀ ਗ੍ਰਾਮ ਜੂਸ ਮਿਲੇਗਾ ਤੇ ਇਸ ਵਿਚ ਮਿਠਾਸ ਦੀ ਮਾਤਰਾ 5.10 ਪ੍ਰਤੀਸ਼ਤ ਹੋਵੇਗੀ। ਦੱਸਣਯੋਗਾ ਹੈ ਕਿ ਪੀਏਯੂ ਦੇ ਸਬਜ਼ੀ ਵਿਭਾਗ ਨੇ ਪੰਜ ਸਾਲ ਦੀ ਖੋਜ ਤੋਂ ਬਾਅਦ ਇਹ ਨਵੀਂ ਕਿਸਮ ਦੀ ਖੋਜ ਕੀਤੀ ਸੀ।