ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾਵਾਇਰਸ ਨਾਲ ਹੋਈ ਮੌਤ ਤੇ ਜਾਨਲੇਵਾ ਬਿਮਾਰੀ ਦੇ ਨਵੇਂ ਕੇਸ ਸਾਹਮਣੇ ਆਉਣ ਨਾਲ ਰਾਜ 'ਚ ਪੌਜ਼ੇਟਿਵ ਕੇਸਾਂ ਦੀ ਗਿਣਤੀ 1,470 ਦੇ ਕਰੀਬ ਹੋ ਗਈ ਹੈ। ਸੂਬੇ 'ਚ ਕੋਰੋਨਾਵਾਇਰਸ ਮਹਾਮਾਰੀ ਨਾਲ ਹੁਣ ਤੱਕ 26 ਮੌਤਾਂ ਹੋ ਚੁੱਕੀਆਂ ਹਨ।
ਮੁਕਤਸਰ ਜ਼ਿਲ੍ਹੇ ਵਿੱਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਜ਼ਿਲ੍ਹੇ ਦੇ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 65 ਹੋ ਗਈ ਹੈ। ਪੰਜ ਕੇਸ ਚੰਨੂ ਪਿੰਡ ਤੋਂ ਸਾਹਮਣੇ ਆਏ ਹਨ।
ਅੱਜ ਇੱਕ 39 ਸਾਲਾ ਵਿਅਕਤੀ ਦੀ ਕੋਰੋਨਾਵਾਇਰਸ ਨਾਲ ਪਟਿਆਲਾ 'ਚ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਜ਼ਿਲ੍ਹਾ ਪਟਿਆਲਾ 'ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰੀਜ਼ ਨੂੰ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਗਿਆ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਸੈਂਪਲ ਮੰਗਲਵਾਰ ਨੂੰ ਲਿਆ ਗਿਆ ਸੀ ਤੇ ਬੁੱਧਵਾਰ ਨੂੰ ਲੈਬ ਦੀਆਂ ਰਿਪੋਰਟਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਨੂੰ ਕੋਰੋਨਾਵਾਇਰਸ ਸੀ। ਪਟਿਆਲਾ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤੁਰੰਤ ਕਾਰਵਾਈ ਦਸਤਾ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਉੱਚ ਜੋਖਮ ਵਾਲੇ ਸੰਪਰਕਾਂ ਨੂੰ ਅਲੱਗ ਕਰਨ ਲਈ ਉਸ ਦੀ ਰਿਹਾਇਸ਼ ‘ਤੇ ਪਹੁੰਚ ਗਿਆ ਹੈ।
ਪਟਿਆਲਾ 'ਚ ਇੱਕ ਕੈਦੀ ਦੇ ਕੋਰੋਨਾਪੌਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਪਟਿਆਲਾ ਕੇਂਦਰੀ ਜੇਲ੍ਹ ਤੋਂ 22 ਸੈਂਪਲ ਇਕੱਠੇ ਕੀਤੇ।ਸਿਹਤ ਟੀਮ ਨੇ ਕੈਦੀਆਂ ਅਤੇ ਜੇਲ ਅਧਿਕਾਰੀਆਂ ਦਾ ਨਮੂਨਾ ਇਕੱਤਰ ਕੀਤਾ ਜੋ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿੱਚ ਆਏ ਸਨ।
ਪਟਿਆਲਾ ਸੈਂਟਰਲ ਜੇਲ ਵਿੱਚ ਬੰਦ ਜੱਗੂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬਟਾਲਾ ਲਿਜਾਇਆ ਗਿਆ ਸੀ, ਜਿਥੇ ਉਸ ਨੇ ਮੰਗਲਵਾਰ ਨੂੰ ਸਕਾਰਾਤਮਕ ਟੈਸਟ ਕੀਤਾ।ਉਸਦੇ ਨਤੀਜੇ ਪੌਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ.ਸੁਮੀਤ ਦੀ ਅਗਵਾਈ ਵਿੱਚ ਇੱਕ ਟੀਮ ਮੰਗਲਵਾਰ ਨੂੰ ਜੇਲ੍ਹ ਪਹੁੰਚੀ ਸੀ। ਪਟਿਆਲਾ ਕੇਂਦਰੀ ਜੇਲ੍ਹ ਦੇ ਕੈਦੀ ਤੇ ਸਟਾਫ ਸੰਕਰਮਣ ਦੇ ਜੋਖਮ 'ਤੇ ਦੱਸਿਆ ਗਿਆ ਹੈ।