ਵਾਸ਼ਿੰਗਟਨ : ਗਰਭਕਾਲ 'ਚ ਮੋਟਾਪੇ ਦੀ ਸਮੱਸਿਆ ਮਾਂ ਤੇ ਬੱਚੇ ਲਈ ਖ਼ਤਰਨਾਕ ਹੈ। ਅਮਰੀਕੀ ਖੋਜਾਰਥੀਆਂ ਦੀ ਤਾਜ਼ਾ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਮੁਤਾਬਕ ਗਰਭਕਾਲ ਦੌਰਾਨ ਮੋਟਾਪੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਮਾਂ ਅਤੇ ਬੱਚੇ ਦੀ ਸਿਹਤ 'ਤੇ ਗਲਤ ਅਸਰ ਪੈ ਰਿਹਾ ਹੈ।

ਅਜਿਹੇ ਬੱਚੇ ਕੁਝ ਜਮਾਂਦਰੂ ਸਮੱਸਿਆਵਾਂ ਨਾਲ ਪੀੜਤ ਹੋ ਜਾਂਦੇ ਹਨ। ਉਹ ਬਚਪਨ ਵਿਚ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਡਾਇਬਟੀਜ਼, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

ਸਿਹਤ ਸਬੰਧੀ ਖ਼ਤਰਿਆਂ ਦੇ ਬਾਵਜੂਦ ਇਸ ਸਬੰਧੀ ਹਾਲੇ ਤਕ ਕੋਈ ਦਿਸ਼ਾ-ਨਿਰਦੇਸ਼ ਨਿਰਧਾਰਤ ਨਹੀਂ ਕੀਤੇ ਗਏ। ਸਿਰਫ਼ ਸਤੁੰਲਿਤ ਖਾਣ-ਪੀਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਜੀਵਨਸ਼ੈਲੀ 'ਚ ਬਦਲਾਅ ਕਾਰਨ ਖਾਣ-ਪੀਣ ਦੇ ਤੌਰ-ਤਰੀਕੇ ਵੀ ਬਦਲ ਚੁੱਕੇ ਹਨ। ਫਾਸਟ ਫੂਡ ਦੇ ਵਧਦੇ ਰੁਝਾਨ ਕਾਰਨ ਮੋਟਾਪੇ ਦੀ ਸਮੱਸਿਆ ਹੋਰ ਵਧਦੀ ਜਾ ਰਹੀ ਹੈ।