Fake alcohol: ਅੱਜ ਕੱਲ੍ਹ ਨਕਲੀ ਸ਼ਰਾਬ ਪੀਣ ਕਾਰਨ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਹਾਲ ਹੀ 'ਚ ਬਿਹਾਰ ਤੋਂ ਅਜਿਹੀਆਂ ਕਈ ਖਬਰਾਂ ਆਈਆਂ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਨਕਲੀ ਸ਼ਰਾਬ ਦੀ ਪਛਾਣ ਕਿਉਂ ਨਹੀਂ ਕਰ ਰਹੇ। ਜੇਕਰ ਕਿਸੇ ਤਰ੍ਹਾਂ ਲੋਕਾਂ ਨੂੰ ਨਕਲੀ ਅਤੇ ਅਸਲੀ ਸ਼ਰਾਬ ਦਾ ਫਰਕ ਸਮਝ ਆ ਜਾਵੇ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਹੈ ਅਤੇ ਨਕਲੀ ਸ਼ਰਾਬ ਦੇ ਧੰਦੇ 'ਚ ਸ਼ਾਮਲ ਲੋਕਾਂ ਨੂੰ ਵੀ ਨੱਥ ਪਾਈ ਜਾ ਸਕਦੀ ਹੈ। ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਹਾਂ, ਜਿਸ ਦੀ ਮਦਦ ਨਾਲ ਤੁਸੀਂ ਅਸਲੀ ਅਤੇ ਨਕਲੀ ਸ਼ਰਾਬ ਦੀ ਪਛਾਣ ਕਰ ਸਕੋਗੇ।


ਪਹਿਲਾਂ ਦੋਵੇ ਸ਼ਰਾਬਾਂ 'ਚ ਜਾਣੋ ਅੰਤਰ


ਅਸਲ ਅਲਕੋਹਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣ ਨੂੰ ਇਥਾਨੌਲ ਕਿਹਾ ਜਾਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਕੰਪਨੀਆਂ ਅਸਲੀ ਸ਼ਰਾਬ ਬਣਾਉਣ ਲਈ ਇਸ ਕੈਮੀਕਲ ਦੀ ਨਿਸ਼ਚਿਤ ਮਾਤਰਾ ਵਿੱਚ ਵਰਤੋਂ ਕਰਦੀਆਂ ਹਨ। ਜਦਕਿ ਨਕਲੀ ਸ਼ਰਾਬ ਬਣਾਉਣ ਲਈ ਇਥਾਨੌਲ ਦੀ ਥਾਂ ਸਪਿਰਟ, ਮਿਥਾਇਲ ਅਲਕੋਹਲ, ਇਥਾਈਲ ਅਲਕੋਹਲ, ਯੂਰੀਆ, ਆਕਸੀਟੋਸਿਨ ਇੰਜੈਕਸ਼ਨ ਵਰਗੇ ਕਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਰਸਾਇਣਾਂ ਦੀ ਮਾਤਰਾ ਵਧਣ ਕਾਰਨ ਸ਼ਰਾਬ ਜ਼ਹਿਰੀਲੀ ਹੋ ਜਾਂਦੀ ਹੈ।


ਹੁਣ ਸਮਝੋ ਨਕਲੀ ਅਤੇ ਅਸਲੀ ਦੀ ਪਛਾਣ ਕਿਵੇਂ ਕਰੀਏ


ਨਕਲੀ ਸ਼ਰਾਬ ਬਣਾਉਣ ਵਾਲੇ ਇੰਨੇ ਹਾਈਟੈਕ ਹੋ ਗਏ ਹਨ ਕਿ ਉਹ ਨਕਲੀ ਸ਼ਰਾਬ ਦਾ ਰੰਗ, ਸਵਾਦ ਅਤੇ ਗੰਧ ਇਸ ਤਰ੍ਹਾਂ ਤਿਆਰ ਕਰਦੇ ਹਨ ਜਿਵੇਂ ਇਹ ਅਸਲੀ ਹੀ ਹੋਵੇ। ਹਾਲਾਂਕਿ ਇਸ ਦੇ ਬਾਵਜੂਦ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਤਾਂ ਤੁਸੀਂ ਨਕਲੀ ਸ਼ਰਾਬ ਦੀ ਪਛਾਣ ਕਰ ਸਕਦੇ ਹੋ। ਪਹਿਲੀ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਸ਼ਰਾਬ ਖਰੀਦਦੇ ਹੋ, ਤਾਂ ਇਸਨੂੰ ਕਿਸੇ ਸਰਕਾਰੀ ਠੇਕੇ ਤੋਂ ਹੀ ਖਰੀਦੋ। ਜੇਕਰ ਤੁਸੀਂ ਕਿਸੇ ਸਰਕਾਰੀ ਠੇਕੇ ਤੋਂ ਸ਼ਰਾਬ ਖਰੀਦਦੇ ਹੋ ਤਾਂ ਨਕਲੀ ਸ਼ਰਾਬ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਦੀ ਪੈਕਿੰਗ ਤੋਂ ਵੀ ਨਕਲੀ ਸ਼ਰਾਬ ਦੀ ਪਛਾਣ ਕਰ ਸਕਦੇ ਹੋ। ਤੁਸੀਂ ਦੇਖੋਗੇ ਕਿ ਨਕਲੀ ਸ਼ਰਾਬ ਦੀ ਪੈਕਿੰਗ ਬਹੁਤ ਮਾੜੀ ਹੋਵੇਗੀ ਅਤੇ ਇਸ ਦੇ ਨਾਮ ਦੇ ਸਪੈਲਿੰਗ ਵੀ ਸਹੀ ਨਹੀਂ ਹੋਣਗੇ। ਇਸ ਦੇ ਨਾਲ ਹੀ ਨਕਲੀ ਸ਼ਰਾਬ ਦੀਆਂ ਬੋਤਲਾਂ ਦੀਆਂ ਸੀਲਾਂ ਵੀ ਅਕਸਰ ਟੁੱਟੀਆਂ ਹੁੰਦੀਆਂ ਹਨ।


ਜੇ ਤੁਸੀਂ ਨਕਲੀ ਸ਼ਰਾਬ ਪੀਓਗੇ ਤਾਂ ਕੀ ਹੋਵੇਗਾ?


ਜੇਕਰ ਤੁਸੀਂ ਗਲਤੀ ਨਾਲ ਨਕਲੀ ਸ਼ਰਾਬ ਪੀ ਲੈਂਦੇ ਹੋ ਤਾਂ ਤੁਹਾਡੇ ਸਰੀਰ 'ਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਕਈ ਵਾਰ ਹਾਲਾਤ ਇੰਨੇ ਗੰਭੀਰ ਹੋ ਜਾਂਦੇ ਹਨ ਕਿ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ।  ਜੇਕਰ ਤੁਸੀਂ ਗਲਤੀ ਨਾਲ ਜ਼ਹਿਰੀਲੀ ਸ਼ਰਾਬ ਪੀ ਲੈਂਦੇ ਹੋ, ਤਾਂ ਤੁਹਾਨੂੰ ਘਬਰਾਹਟ, ਉਲਟੀਆਂ, ਦੌਰੇ, ਕਮਜ਼ੋਰੀ, ਸਾਹ ਲੈਣ 'ਚ ਪਰੇਸ਼ਾਨੀ, ਚਮੜੀ ਨੀਲੀ ਪੈ ਜਾਣਾ, ਹਾਈਪੋਥਰਮੀਆ ਅਤੇ ਬੇਹੋਸ਼ੀ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਇਨ੍ਹਾਂ ਲੱਛਣਾਂ ਨੂੰ ਸਹੀ ਸਮੇਂ 'ਤੇ ਪਛਾਣ ਕੇ ਤੁਸੀਂ ਮਰੀਜ਼ ਦੀ ਜਾਨ ਬਚਾ ਸਕਦੇ ਹੋ।