Smartphone and health Problems: ਅੱਜ ਦੇ ਸਮੇਂ ਵਿੱਚ ਮੋਬਾਈਲ ਸਾਡੀ ਲੋੜ ਬਣ ਗਿਆ ਹੈ। ਬਹੁਤ ਸਾਰੇ ਕੰਮ ਅਜਿਹੇ ਹਨ ਜੋ ਮੋਬਾਈਲ ਤੋਂ ਬਿਨਾਂ ਸੰਭਵ ਹੀ ਨਹੀਂ। ਹੁਣ ਮੋਬਾਈਲ ਵਿੱਚ ਕਈ ਤਰ੍ਹਾਂ ਦੇ ਨਵੀਨਤਮ ਫੀਚਰ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਕਾਰਨ ਸਾਡੇ ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ। ਇਸ ਦੇ ਨਾਲ ਹੀ ਮੋਬਾਈਲ ਲੋਕਾਂ ਦੇ ਮਨੋਰੰਜਨ ਦਾ ਵੀ ਵੱਡਾ ਸਾਧਨ ਬਣ ਗਿਆ ਹੈ। ਅਜਿਹੇ 'ਚ ਲੋਕ ਮੋਬਾਈਲ 'ਤੇ ਜ਼ਿਆਦਾ ਸਮਾਂ ਬਿਤਾਉਣ ਲੱਗ ਪਏ ਹਨ। ਇੱਥੋਂ ਤੱਕ ਕਿ ਕਈ ਲੋਕ ਦੇਰ ਰਾਤ ਤੱਕ ਬਿਸਤਰ 'ਤੇ ਲੇਟ ਕੇ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਰਹਿੰਦੇ ਹਨ। ਕਈ ਲੋਕ ਘੰਟਿਆਂਬੱਧੀ ਮੋਬਾਈਲ 'ਤੇ ਗੇਮ ਖੇਡਦੇ ਰਹਿੰਦੇ ਹਨ। 


ਇਸ ਦੇ ਨਾਲ ਹੀ ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਦੇ ਵੀ ਕਈ ਮਾੜੇ ਪ੍ਰਭਾਵ ਹਨ। ਮੋਬਾਈਲ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਤੁਸੀਂ ਵੀ ਸਮਾਰਟਫੋਨ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਇੱਕ ਖੋਜ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪਿਛਲੇ ਸਾਲ Sapien Labs ਨੇ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ 'ਚ ਇੱਕ ਖੌਫਨਾਕ ਖੁਲਾਸਾ ਹੋਇਆ ਸੀ।



ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ
Sapien Labs ਨੇ ਸਮਾਰਟਫ਼ੋਨ 'ਤੇ ਇੱਕ ਖੋਜ ਕੀਤੀ ਹੈ। ਲੈਬ ਨੇ ਇਸ ਖੋਜ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਖੋਜ ਵਿੱਚ ਸਾਹਮਣੇ ਆਇਆ ਹੈ ਕਿ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਮਾਨਸਿਕ ਸਿਹਤ ਵਿਗੜਨ ਦਾ ਇੱਕ ਵੱਡਾ ਕਾਰਨ ਸਮਾਰਟਫੋਨ ਦੀ ਵਰਤੋਂ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜਦੋਂ ਪਹਿਲਾਂ ਇੰਟਰਨੈੱਟ ਦੀ ਵਰਤੋਂ ਨਹੀਂ ਹੁੰਦੀ ਸੀ ਤਾਂ ਉਦੋਂ ਤੱਕ ਲੋਕ 18 ਸਾਲ ਦੇ ਹੋਣ ਤੱਕ ਆਪਣੇ ਦੋਸਤਾਂ ਤੇ ਪਰਿਵਾਰ ਨਾਲ 15 ਹਜ਼ਾਰ ਤੋਂ 18 ਹਜ਼ਾਰ ਘੰਟੇ ਬਿਤਾ ਚੁੱਕੇ ਹੁੰਦੇ ਸਨ। ਹੁਣ ਇਹ ਸਮਾਂ 15000 ਤੋਂ ਘਟ ਕੇ 5000 ਘੰਟੇ ਰਹਿ ਗਿਆ ਹੈ। ਅਜਿਹੇ 'ਚ ਮੋਬਾਈਲ ਕਾਰਨ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਘੱਟ ਹੋ ਗਈ ਹੈ।



ਖੁਦਕੁਸ਼ੀ ਦੇ ਵਿਚਾਰ
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਖੋਜ ਦੇ ਵਿਗਿਆਨੀਆਂ ਨੂੰ ਲੱਗਦਾ ਹੈ ਕਿ ਜੋ ਲੋਕ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ 'ਚ ਆਤਮ ਹੱਤਿਆ ਕਰਨ ਦੇ ਵਿਚਾਰ ਆਉਣ ਲੱਗਦੇ ਹਨ। ਸੈਪੀਅਨ ਲੈਬਜ਼ ਦੀ ਮੁੱਖ ਵਿਗਿਆਨੀ ਤਾਰਾ ਥਿਆਗਰਾਜਨ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਸਮਾਰਟਫ਼ੋਨ ਦੀ ਵਰਤੋਂ ਇੰਨੀ ਵੱਧ ਗਈ ਹੈ ਕਿ ਇਸ ਕਾਰਨ ਲੋਕ ਇੱਕ-ਦੂਜੇ ਨਾਲ ਗੱਲ ਕਰਨਾ ਭੁੱਲ ਗਏ ਹਨ। ਜਦੋਂ ਲੋਕ ਇੱਕ ਦੂਜੇ ਮਿਲਦੇ ਨਹੀਂ ਤਾਂ ਉਹ ਚਿਹਰੇ ਦੇ ਹਾਵ-ਭਾਵ ਪੜ੍ਹਨ, ਸਰੀਰ ਦੇ ਹਾਵ-ਭਾਵ ਸਮਝਣ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਣ ਤੇ ਅਸਲ ਜੀਵਨ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਦੇ ਅਸਮਰੱਥ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਉਹ ਸਮਾਜ ਨਾਲ ਜੁੜਿਆ ਮਹਿਸੂਸ ਨਹੀਂ ਕਰਦੇ ਤੇ ਖੁਦਕੁਸ਼ੀ ਵਰਗੇ ਵਿਚਾਰ ਉਨ੍ਹਾਂ ਦੇ ਮਨ ਵਿੱਚ ਆਉਂਦੇ ਹਨ।


34 ਦੇਸ਼ਾਂ ਤੋਂ ਡਾਟਾ ਇਕੱਠਾ ਕੀਤਾ
ਰਿਪੋਰਟ ਮੁਤਾਬਕ ਇਸ ਖੋਜ 'ਚ ਕੁੱਲ 34 ਦੇਸ਼ਾਂ ਤੋਂ ਡਾਟਾ ਇਕੱਠਾ ਕੀਤਾ ਗਿਆ। ਇਹ ਦੇਖਿਆ ਗਿਆ ਹੈ ਕਿ ਸਮਾਰਟਫੋਨ 'ਤੇ ਲੋਕਾਂ ਦੀ ਨਿਰਭਰਤਾ 2010 ਤੋਂ ਹੀ ਸ਼ੁਰੂ ਹੋ ਗਈ ਸੀ। ਦੱਸ ਦਈਏ ਕਿ ਕਈ ਖੋਜਾਂ ਤੋਂ ਪਹਿਲਾਂ ਹੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਅੱਖਾਂ ਦੀ ਸਮੱਸਿਆ ਸਮੇਤ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਵੀ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਅਜਿਹੇ 'ਚ ਸਮਾਰਟਫੋਨ ਦੀ ਵਰਤੋਂ ਓਨੀ ਹੀ ਕਰਨੀ ਚਾਹੀਦੀ ਹੈ, ਜਿੰਨੀ ਲੋੜ ਹੋਵੇ।