ਨਿਊਯਾਰਕ : ਧੂੰਆਂਨੋਸ਼ੀ ਕਰਨ ਵਾਲੇ ਡਾਇਬਟੀਜ਼ ਰੋਗੀ ਸਾਵਧਾਨ ਹੋ ਜਾਣ। ਇਸ ਤਰ੍ਹਾਂ ਦੇ ਲੋਕਾਂ ਲਈ ਇਹ ਆਦਤ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸ ਦੀ ਜ਼ਿਆਦਾ ਲਤ ਨਾਲ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਦੁੱਗਣਾ ਹੋ ਸਕਦਾ ਹੈ। ਇਸ ਲਈ ਜਿੰਨਾ ਛੇਤੀ ਹੋ ਸਕੇ ਇਸ ਤੋਂ ਤੌਬਾ ਕਰ ਲਓ। ਇਹ ਦਾਅਵਾ ਭਾਰਤੀ ਮੂਲ ਦੇ ਖੋਜਕਰਤਾ ਦੀ ਅਗਵਾਈ 'ਚ ਕੀਤੇ ਗਏ ਇਕ ਨਵੇਂ ਅਧਿਐਨ 'ਚ ਕੀਤਾ ਗਿਆ ਹੈ।
ਅਮਰੀਕੀ ਖੋਜਕਰਤਾਵਾਂ ਮੁਤਾਬਕ ਡਾਇਬਟੀਜ਼ ਰੋਗੀਆਂ ਦੀ ਸਿਹਤ ਦੇ ਲਿਹਾਜ਼ ਨਾਲ ਦੂਜੀਆਂ ਵੀ ਕਈ ਗੰਭੀਰ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ। ਕੋਲੋਰਾਡੋ-ਡੈਨਵਰ ਯੂਨੀਵਰਸਿਟੀ ਦੇ ਪ੍ਰੋਫੈਸਰ ਕਵਿਤਾ ਗਰਗ ਨੇ ਕਿਹਾ ਕਿ ਜ਼ਿਆਦਾ ਧੂੰਆਂਨੋਸ਼ੀ ਕਰਨ ਵਾਲੇ ਰੋਗੀਆਂ ਦੀ ਡਾਇਬਟੀਜ਼ ਦੇ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਦੂਣਾ ਹੋ ਸਕਦਾ ਹੈ।
ਅਧਿਐਨ 'ਚ ਕਰੀਬ 13 ਫੀਸਦੀ ਡਾਇਬਟੀਜ਼ ਪੀੜਤਾਂ ਦੀ ਮੌਤ ਹੋਈ ਅਤੇ ਇਨ੍ਹਾਂ ਦੇ ਮੁਕਾਬਲੇ 6.8 ਉਨ੍ਹਾਂ ਰੋਗੀਆਂ ਦੀ ਜਾਨ ਗਈ ਜਿਨ੍ਹਾਂ ਨੂੰ ਡਾਇਬਟੀਜ਼ ਨਹੀਂ ਸੀ। ਇਸ ਦੇ ਇਲਾਵਾ ਇਹ ਵੀ ਪਤਾ ਲੱਗਾ ਕਿ ਡਾਇਬਟੀਜ਼ ਪੀੜਤ ਅੌਰਤਾਂ 'ਚ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੋ ਸਕਦਾ ਹੈ। ਹਾਲਾਂਕਿ ਇਹ ਅਸਰ ਮਰਦਾਂ 'ਚ ਨਹੀਂ ਪਾਇਆ ਗਿਆ। ਇਹ ਸਿੱਟਾ 53,454 ਰੋਗੀਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੀਤਾ ਗਿਆ ਹੈ।