ਬ੍ਰਿਸਬੇਨ: ਆਸਟ੍ਰੇਲੀਆ ਦੇ ਸੂਬੇ ਕੁਈਨਲੈਂਡ ਦੀ ਰਹਿਣ ਵਾਲੀ ਇੱਕ ਮਾਂ ਆਪਣੇ ਬੱਚੇ ਨੂੰ ਬਹਾਦਰ ਕਹਿੰਦਿਆਂ ਨਹੀਂ ਥੱਕ ਰਹੀ। ਏਲੀ ਨਾਮੀ ਇਹ ਬੱਚਾ ਅਸਲ 'ਚ ਹੈ ਹੀ ਬਹਾਦਰ, ਕਿਉਂਕਿ ਇਸ ਨੂੰ ਬੀਤੇ ਦਿਨੀਂ ਇੱਕ ਜ਼ਹਿਰੀਲੇ ਸੱਪ ਵੱਲੋਂ ਤਿੰਨ ਵਾਰ ਡੰਗ ਲਿਆ ਗਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੱਪ ਕੋਈ ਆਮ ਨਹੀਂ ਸੀ, ਬਲਕਿ ਦੁਨੀਆ ਦੇ ਸਭ ਤੋਂ ਖ਼ਤਰਨਾਕ ਸੱਪਾਂ 'ਚੋਂ ਇੱਕ ਸੀ।
ਜਾਣਕਾਰੀ ਮੁਤਾਬਿਕ ਬੀਤੀ 26 ਸਤੰਬਰ ਨੂੰ ਏਲੀ, ਐਗਨਸ ਵਾਟਰ ਵਿਖੇ ਸਥਿਤ ਆਪਣੇ ਘਰ ਦੇ ਪਿਛਵਾੜੇ 'ਚੋਂ ਜਦੋਂ ਮੁਰਗ਼ੀਆਂ ਦੇ ਆਂਡੇ ਇਕੱਠੇ ਕਰ ਰਿਹਾ ਸੀ ਤਾਂ ਉਸ ਵੇਲੇ ਸੱਪ ਨੂੰ ਉਸ ਨੂੰ ਤਿੰਨ ਵਾਲ ਡੰਗ ਮਾਰ ਦਿੱਤਾ, ਜਿਸ ਤੋਂ ਬਾਅਦ ਏਲੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਡਾਕਟਰਾਂ ਮੁਤਾਬਿਕ ਸੱਪ ਦੇ ਕੱਟਣ ਤੋਂ ਬਾਅਦ ਏਲੀ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੇ ਦਿਮਾਗ਼ 'ਤੇ ਕਾਫ਼ੀ ਅਸਰ ਪਿਆ ਹੈ। ਇਨ੍ਹੀਂ ਗੰਭੀਰ ਹਾਲਤ 'ਚ ਏਲੀ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ 'ਤੇ ਸੀ।
ਉੱਧਰ ਮੰਗਲਵਾਰ ਨੂੰ ਏਲੀ ਦੇ ਹੱਕ 'ਚ ਫੇਸ ਬੁੱਕ 'ਤੇ ਬਣੇ 'ਫੰਡਰਾਈਜ਼ਿੰਗ ਪੇਜ਼' (ਫ਼ੰਡ ਇਕੱਠਾ ਕਰਨਾ) ਉਸ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਉਸ ਦੀ ਮਾਂ ਬ੍ਰਿਟਨੀ ਨੇ ਦੱਸਿਆ ਕਿ ਉਸ ਦਾ ਬੱਚਾ ਬਹੁਤ ਹੀ ਬਹਾਦਰ ਹੈ ਅਤੇ ਉਹ ਬਹਾਦਰੀ ਨਾਲ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੈਂਟੀਲੇਟਰ ਤੋਂ ਹਟਾ ਲਿਆ ਗਿਆ ਹੈ ਅਤੇ ਉਹ ਖ਼ੁਦ ਸਾਹ ਲੈ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਉਮੀਦ ਪ੍ਰਗਟਾਈ ਹੈ ਕਿ ਉਸ ਦਾ ਬੱਚਾ ਜਲਦੀ ਹੀ ਠੀਕ ਹੋ ਜਾਵੇਗਾ।