ਚੰਡੀਗੜ੍ਹ: ਅੱਜ ਭੱਜ ਦੌੜ ਤੇ ਤਿੱਖੇ ਕੰਪੀਟੀਸ਼ਨ ਭਰੀ ਜੀਵਨ ਸ਼ੈਲੀ ’ਚ ਜਿੱਥੇ ਅਸੀਂ ਜੀਵਨ ਦੇ ਵੱਡੇ ਸੁੱਖ ਪ੍ਰਾਪਤ ਕਰ ਰਹੇ ਹਾਂ ਉਥੇ ਨਾਲ ਹੀ ਕਈ ਸਿਹਤ ਸਮਸਿਆਵਾਂ ਵੀ ਵਧ ਰਹੀਆਂ ਹਨ। ਜਿਨ੍ਹਾਂ ’ਚੋਂ ਵੱਡੇ ਪੱਧਰ ’ਤੇ ਵਧ ਰਿਹਾ ਬਾਂਝਪਣ ਅਤੇ ਇਸ ਨਾਲ ਸਬੰਧਤ ਰੋਗ ਹਨ।


ਇਸ ਸੰਬੰਧ ਵਿਚ ਡਾਕਟਰ ਵੰਦਨਾ ਨਰੂਲਾ, ਇਨਫਰਟਿਲਿਟੀ ਸਪੈਸ਼ਲਿਸਟ, ਗਾਇਨੀਕੋਲੋਜਿਸਟ ਅਤੇ ਪ੍ਰਮੁੱਖ, ਆਈ.ਵੀ.ਐਫ. ਸੈਂਟਰ, ਕੋਸਮੋ ਹਸਪਤਾਲ, ਮੁਹਾਲੀ ਨੇ ਕਿਹਾ ਕਿ ‘‘ਇਕ ਸਰਵੇ ਮੁਤਾਬਕ ਦੇਸ਼ ਵਿਚ 15% ਤੋਂ 18% ਜੋੜੇ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਹੇ ਹਨ।’’ ਇਹ ਸਰਵੇ ਨਾ ਸਿਰਫ ਹੈਰਾਨੀ ਭਰੇ ਹਨ ਪਰ ਇਸ ਬਾਰੇ ਫੌਰੀ ਤੌਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਡਾਕਟਰ ਵੰਦਨਾ ਨਰੂਲਾ, ਇਨਫਰਟਿਲਿਟੀ ਸਪੈਸ਼ਲਿਸਟ (ਬਾਂਝਪਣ ਮਾਹਿਰ), ਨਾਲ ਬਾਂਝਪਣ ਬਾਰੇ ਅਤੇ ਹੋਰ ਜਾਣਕਾਰੀ ਅਤੇ ਸਮਾਧਾਨ ਲਈ ਕੁਝ ਅਹਿਮ ਸਵਾਲਾਂ ਬਾਰੇ ਹੋਈ ਗੱਲਬਾਤ ਹੇਠ ਦਰਜ ਹੈ:

ਡਾਕਟਰ ਵੰਦਨਾ ਨਰੂਲਾ, ਇਨਫਰਟਿਲਿਟੀ ਸਪੈਸ਼ਲਿਸਟ (ਬਾਂਝਪਣ ਮਾਹਿਰ)

* ਬਾਂਝਪਣ ਦੀ ਸਮੱਸਿਆ ਕੀ ਹੁੰਦੀ ਹੈ ਅਤੇ ਇਹ ਕਿੰਨੇ ਪ੍ਰਤੀਸ਼ਤ ਲੋਕਾਂ ਵਿਚ ਦੇਖੀ ਜਾਂਦੀ ਹੈ?

– ਜਦ ਇੱਕ ਜੋੜਾ ਲਗਪਗ ਇੱਕ ਸਾਲ ਤੱਕ ਇਕੱਠਾ ਰਹਿੰਦਾ ਹੋਵੇ ਅਤੇ ਉਸ ਦੇ ਘਰ ਵਿਚ ਔਲਾਦ ਦਾ ਸੁੱਖ ਨਾ ਮਿਲੇ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਉਸ ਜੋੜੇ ਦੇ ਬੱਚਾ ਠਹਿਰਨ ਲਈ ਕੋਈ ਨਾ ਕੋਈ ਰੁਕਾਵਟ/ਮੁਸ਼ਕਲ ਆ ਰਹੀ ਹੈ। ਇਸ ਹਾਲਤ ਨੂੰ ਬਾਂਝਪਣ ਕਿਹਾ ਜਾਂਦਾ ਹੈ। ਕੁੱਲ ਅਬਾਦੀ ਵਿਚੋਂ 15 ਤੋਂ 18% ਜੋੜਿਆਂ ਵਿਚ ਇਹ ਸਮੱਸਿਆ ਹੁੰਦੀ ਹੈ।

* ਕੀ ਬਾਂਝਪਣ ਦਾ ਕਾਰਨ ਸ਼ਿਰਫ ਔਰਤ ਹੀ ਹੁੰਦੀ ਹੈ?

– ਬਾਂਝਪਣ ਦੇ 1/3 ਕਾਰਨ ਔਰਤਾਂ ਵਿਚ 1/3 ਪੁਰਸ਼ਾਂ ਵਿਚ ਅਤੇ ਬਾਕੀ 1/3 ਕਾਰਨਾਂ ਵਿਚ ਦੋਵੇਂ ਔਰਤ ਅਤੇ ਪੁਰਸ਼ ਜ਼ਿੰਮੇਵਾਰ ਹੁੰਦੇ ਹਨ। ਉਸ ਤੋਂ ਇਲਾਵਾ ਬਾਂਝਪਣ ਦੇ ਕੁੱਝ ਅਗਿਆਤ ਕਾਰਨ ਵੀ ਹੁੰਦੇ ਹਨ।

* ਬਾਂਝਪਣ ਦੇ ਕੀ ਕੀ ਕਾਰਨ ਹੁੰਦੇ ਹਨ?

– ਅੰਡੇ ਨਾ ਬਣਨਾ, ਸਰੀਰ ਵਿਚ ਕਿਸੇ ਹਾਰਮੋਨ ਦੀ ਕਮੀ ਹੋਣਾ, ਬੰਦ ਟਿਊਬਾਂ, ਬੱਚੇਦਾਨੀ ਦੀ ਟੀ.ਬੀ., ਐਂਡਰੋਮੀਟ੍ਰਿਓਸਿਸ, ਘੱਟ, ਕਮਜ਼ੋਰ ਜਾਂ ਨਿਲ ਸ਼ੁਕਰਾਣੂ ਹੋਣਾ ਬਾਂਝਪਣ ਦੇ ਕੁੱਝ ਮੁੱਖ ਕਾਰਨ ਹਨ।



* ਅੱਜਕੱਲ੍ਹ ਸ਼ੁਕਰਾਣੂ ਘੱਟ ਹੋਣ ਦੀ ਸੱਮਸਿਆ ਆਮ ਦੇਖਣ ਵਿਚ ਆ ਰਹੀ ਹੈ?

– ਪੁਰਸ਼ਾਂ ਵਿਚ ਸ਼ੁਕਰਾਣੂ ਦੇ ਘਟਣ ਦਾ ਕਾਰਨ ਵਾਤਾਵਰਨ, ਖਾਣ ਪਾਣ, ਰਹਿਣ ਸਹਿਣ ਦਾ ਵੱਡਾ ਰੋਲ ਹੁੰਦਾ ਹੈ। ਜਿਵੇਂ ਵਾਤਾਵਰਨ ਵਿਚ ਜ਼ਿਆਦਾ ਗਰਮੀ ਦਾ ਹੋਣਾ, ਸਟੀਮ ਬਾਥ ਲੈਣਾ, ਤੰਗ ਕੱਪੜਿਆਂ ਦਾ ਪਾਉਣਾ, ਜ਼ਿਆਦਾ ਬੈਠਣ ਦਾ ਕੰਮ ਕਰਨਾ, ਖੇਤਾਂ ਵਿਚ ਕੀੜੇਮਾਰ ਦਵਾਈਆਂ ਦਾ ਜ਼ਿਆਦਾ ਪ੍ਰਭਾਵ, ਖਾਣ ਪਾਣ ਦੀਆਂ ਚੀਜ਼ਾਂ ਵਿਚ ਮਿਲਾਵਟ, ਪ੍ਰਦੂਸ਼ਤ ਵਾਤਾਵਰਨ, ਨਸ਼ੀਲੀਆਂ ਦਵਾਈਆਂ ਦੀ ਵਰਤੋਂ, ਤੰਬਾਕੂ ਖਾਣਾ ਤੇ ਸ਼ਰਾਬ ਜ਼ਿਆਦਾ ਪੀਣਾ।

* ਔਰਤਾਂ ਵਿਚ ਬਾਂਝਪਣ ਦੇ ਮੁੱਖ ਕੀ ਕਾਰਨ ਹੁੰਦੇ ਹਨ?

– ਔਰਤਾਂ ਵਿਚ ਬਾਂਝਪਣ ਦੇ ਕੁਝ ਮੁੱਖ ਕਾਰਨ ਟਿਊਬਾਂ ਦਾ ਬੰਦ ਹੋਣਾ, ਐਂਡਰੋਮੀਟ੍ਰਿਓਸਿਸ, ਅੰਡੇ ਨਾ ਬਣਨਾ, ਸਰੀਰ ਵਿਚ ਕਿਸੇ ਹਾਰਮੋਨ ਦੀ ਖਰਾਬੀ ਹੋਣਾ, ਬੱਚੇਦਾਨੀ ਵਿਚ ਰਸੌਲੀ, ਅੰਡੇਦਾਨੀ ਦਾ ਕੰਮ ਨਾ ਕਰਨਾ ਆਦਿ  ਬਾਂਝਪਣ ਦੇ ਮੁੱਖ ਕਾਰਨ ਹਨ। ਬੱਚੇਦਾਨੀ ਦਾ ਪੁਰਾਣਾ ਇਨਫੈਕਸ਼ਨ ਜਾਂ ਟੀ.ਬੀ. ਨਾਲ ਟਿਊਬਾਂ ਬੰਦ ਹੋ ਜਾਣੀਆਂ, ਐਂਡਰੋਮੀਟ੍ਰਿਓਸਿਸ ਵਿਚ ਅੰਡੇ ਦਾ ਨਾ ਬਣਨਾ ਜਾਂ ਉਸਦੇ ਬਾਹਰ ਨਿਕਲਣ ਵਿਚ ਰੁਕਾਵਟ ਆ ਸਕਦੀ ਹੈ, ਹਾਰਮੋਨ ਦੇ ਸੰਤੁਲਨ ਦੇ ਵਿਗੜਨ ਦੇ ਨਾਲ ਅੰਡੇ ਬਣਨ ਦੀ ਸਮੱਸਿਆ ਆ ਸਕਦੀ ਹੈ ਜਿਵੇਂ ਥਾਈਰਾਈਡ ਦੀ ਤਕਲੀਫ, ਪੋਲੀਸਿਸਟਿਕ ਓਵਰੀ ਆਦਿ।

* ਨਿਰਸੰਤਾਨ ਜੋੜੇ ਨੂੰ ਕਿਸ ਤਰ੍ਹਾਂ ਦਾ ਰਹਿਣ-ਸਹਿਣ ਅਤੇ ਖਾਣ ਪਾਣ ਰੱਖਣਾ ਚਾਹੀਦਾ ਹੈ?

– ਡਾਕਟਰ ਦੀ ਸਲਾਹ ਦੇ ਨਾਲ ਨਾਲ ਸੰਤੁਲਤ ਅਹਾਰ ਲੈਣਾ, ਰੋਜ਼ਾਨਾ ਯੋਗ ਕਰਨਾ, ਸੈਰ-ਸਪਾਟਾ ਅਤੇ ਕਸਰਤ ਕਰਨ ਦੇ ਨਾਲ ਨਾਲ ਤੰਬਾਕੂ ਅਤੇ ਸ਼ਰਾਬ ਦਾ ਨਾ ਪੀਣਾ ਹੈ।

* ਨਿਰਸੰਤਾਨ ਜੋੜਿਆਂ ਦੀ ਜਾਂਚ ਲਈ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਹਨ?

– ਨਿਰਸੰਤਾਨ ਜੋੜਿਆਂ ਦੀ ਜਾਂਚ ਲਈ ਖੂਨ ਦੀ ਜਾਂਚ, ਹਾਰਮੋਨ ਦੇ ਟੈਸਟ, ਬੱਚੇ ਦਾਨੀ ਦਾ ਅਤੇ ਅੰਡਾਕੋਸ਼ ਦਾ ਅਲਟਰਾਸਾਊਂਡ, ਦੂਰਬੀਨ ਰਾਹੀਂ ਟਿਊਬਾਂ ਦਾ ਟੈਸਟ, ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਜਾਂਚ ਅਤੇ ਚੈਕਅੱਪ ਕੀਤਾ ਜਾਂਦਾ ਹੈ।

* ਇਸ ਤਰ੍ਹਾਂ ਦੇ ਜੋੜਿਆਂ ਦੀ ਮਦਦ ਲਈ ਕਿਹੜੇ ਕਿਹੜੇ ਇਲਾਜ ਉਪਲਬਧ ਹਨ?

– ਜਿਨ੍ਹਾਂ ਜੋੜਿਆਂ ਨੂੰ ਕੁਦਰਤੀ ਤੌਰ ’ਤੇ ਗਰਭ ਧਾਰਨ ਨਹੀਂ ਹੁੰਦਾ ਹੈ, ਉਨ੍ਹਾਂ ਦੇ ਹੇਠ ਲਿਖੇ ਟੈਸਟ ਕਿਸੇ ਵੀ ਟੈਸਟ ਟਿਊਬ ਬੇਬੀ ਹਸਪਤਾਲ ਵਿਚ ਉਪਲੱਬਧ ਹੁੰਦੇ ਹਨ।IUI, Test Tube Baby/ IVF, ICSI, Laparoscopy/ Hysteroscopy ਅੰਡਾ ਬੈਂਕ, ਸੁਕਰਾਣੂ ਬੈਂਕ ਦੀ ਸੁਵਿਧਾ ਉਪਲਬਧ ਹੁੰਦੀ ਹੈ।

* IUI ਦਾ ਕੀ ਭਾਵ ਹੈ?

– ਜਿਨ੍ਹਾਂ ਔਰਤਾਂ ਦੀਆਂ ਟਿਊਬਾਂ ਖੁੱਲ੍ਹੀਆਂ ਹੁੰਦੀਆਂ ਹਨ ਅਤੇ ਪੁਰਸ਼ਾਂ ਵਿਚ ਸ਼ੁਕਰਾਣੂਆਂ ਦੀ ਮਾਤਰਾ ਘੱਟ ਹੁੰਦੀ ਹੈ ਉਨ੍ਹਾਂ ਔਰਤਾਂ ਦੇ ਦਵਾਈਆਂ ਨਾਲ ਅੰਡੇ ਜ਼ਿਆਦਾ ਬਣਾਏ ਜਾਂਦੇ ਹਨ ਅਤੇ ਪੁਰਸ਼ ਦੇ ਸ਼ੁਕਰਾਣੂਆਂ ਨੂੰ ਇੱਕ ਵਿਸ਼ੇਸ ਪ੍ਰਣਾਲੀ ਤਹਿਤ ਤਿਆਰ ਕਰ ਕੇ ਇੱਕ ਪਤਲੀ ਨਲੀ ਨਾਲ ਔਰਤ ਦੀ ਬੱਚੇਦਾਨੀ ਵਿਚ ਪਾ ਦਿੱਤਾ ਜਾਂਦਾ ਹੈ। ਇਸ ਵਿਧੀ ਨੂੰ IUI ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਔਰਤਾਂ ਦੇ ਅੰਡੇ ਘੱਟ ਬਣਦੇ ਹੋਣ, ਬੱਚੇਦਾਨੀ ਦੇ ਮੂੰਹ ’ਤੇ ਪਾਣੀ ਦੀ ਕਮੀ ਹੁੰਦੀ ਹੋਵੇ, ਐਂਡਰੋਮੈਟ੍ਰੀਏਸਿਸ ਜਾਂ ਕੁਝ ਅਗਿਆਤ ਕਾਰਨਾਂ ਵਿਚ ਵੀ IUI ਕੀਤੀ ਜਾਂਦੀ ਹੈ।

* ਜੇਕਰ ਪੁਰਸ਼ ਵਿਚ ਸ਼ੁਕਰਾਣੂਆਂ ਦੀ ਮਾਤਰਾ ਘੱਟ ਹੋਵੇ ਤਾਂ ਵੀ ਕੀ ਉਹ ਪਿਤਾ ਬਣ ਸਕਦਾ ਹੈ?

– ਜਿਨ੍ਹਾਂ ਪੁਰਸ਼ਾਂ ਦੇ ਸਿਮਨ ਵਿਚ ਸ਼ੁਕਰਾਣੂਆਂ ਦੀ ਮਾਤਰਾ ਜ਼ੀਰੋ ਹੋਵੇ ਪਰ ਉਨ੍ਹਾਂ ਦੇ ਟੈਸ਼ਟੀਜ਼ ਵਿਚ ਸ਼ੁਕਰਾਣੂ ਬਣਦੇ ਹੋਣ ਤਾਂ ਉਸ ਹਾਲਤ ਵਿਚ ਇੱਕ ਵਿਸ਼ੇਸ ਢੰਗ ਨਾਲ ਟੈਸ਼ਟੀਜ਼ ਤੋਂ ਸ਼ੁਕਰਾਣੂਆਂ ਨੂੰ ICSI ਵਿਧੀ ਨਾਲ ਕੱਢਣ ਨਾਲ ਵੀ ਪਰੈਗਨੈਂਸੀ ਹੋ ਸਕਦੀ ਹੈ। ICSIਟੈਸਟ ਟਿਊਬ ਬੇਬੀ ਦੀ ਆਧੁਨਿਕ ਪ੍ਰਣਾਲੀ ਹੁੰਦੀ ਹੈ ਇਸ ਪ੍ਰਣਾਲੀ ਤਹਿਤ ਇੱਕ ਸ਼ੁਕਰਾਣੂ ਨੂੰ ਇੱਕ ਅੰਡੇ ਵਿਚ ਇੰਜੈਕਟ ਕਰਨ ਤੋਂ ਬਾਅਦ ਐਨਬਰੀਓ ਤਿਆਰ ਕੀਤਾ ਜਾਂਦਾ ਹੈ।

* IVF ਜਾਂ ਟੈਸਟ ਟਿਊਬ ਬੇਬੀ ਕੀ ਹੁੰਦਾ ਹੈ?

– IVF ਵਿਚ ਔਰਤ ਨੂੰ ਹਾਰਮੋਨ ਦੇ ਟੀਕੇ ਲਾਏ ਜਾਂਦੇ ਹਨ ਜਿਸ ਨਾਲ ਔਰਤ ਦੇ ਅੰਡਾਕੋਸ਼ ਵਿਚ ਬਹੁਤ ਜ਼ਿਆਦਾ ਅੰਡੇ ਤਿਆਰ ਹੋ ਜਾਂਦੇ ਹਨ। ਅਲਟਰਾਸਾਊਂਡ ਵਿਧੀ ਨਾਲ ਇਨ੍ਹਾਂ ਅੰਡਿਆਂ ਨੂੰ ਸਰੀਰ ਤੋਂ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਸ਼ੁਕਰਾਣੂਆਂ ਦੇ ਨਾਲ ਇੱਕ ਵਿਸ਼ੇਸ਼ ਇਨਕਿਊਬੇਟਰ ਵਿਚ ਰੱਖ ਦਿੱਤਾ ਜਾਂਦਾ ਹੈ।    ਇਸ ਇਨਕਿਊਬੇਟਰ ਦਾ ਤਾਪਮਾਨ ਸਰੀਰ ਦੇ ਤਾਪਮਾਨ ਬਰਾਬਰ ਰੱਖਿਆ ਜਾਂਦਾ ਹੈ। ਇਸ ਇਨਕਿਊਬੇਟਰ ਵਿਚ ਐਂਬਰੀਓ ਤਿਆਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਐਂਬਰੀਓ ਨੂੰ ਔਰਤ ਦੀ ਬੱਚਾਦਾਨੀ ਵਿਚ ਪਾ ਦਿੱਤਾ ਜਾਂਦਾ ਹੈ।

* ਕਿਨ੍ਹਾਂ ਹਾਲਤਾਂ ਵਿਚ IVF ਕੀਤਾ  ਜਾਂਦਾ ਹੈ?

– ਬੰਦ ਟਿਊਬਾਂ, ਔਰਤ ਦੀ ਜ਼ਿਆਦਾ ਉਮਰ ਹੋਣਾ, ਐਂਡਰੋਮੈਟ੍ਰੀਏਸਿਸ, IUI ਦਾ ਬਾਰ ਬਾਰ ਸਫਲ ਨਾ ਹੋਣਾ, ਸ਼ੁਕਰਾਣੂਆਂ ਦਾ ਘੱਟ ਹੋਣਾ, ਨਾ ਹੋਣਾ, ਜਾਂ ਕਮਜ਼ੋਰ ਹੋਣਾ, ਤੇ ਹੋਰ ਅਗਿਆਤ ਕਾਰਨਾਂ ਵਿਚ ਵੀ IVF ਕੀਤੀ ਜਾਂਦੀ ਹੈ।