Socks wearing while sleeping: ਬਾਰਸ਼ ਪੈਣ ਨਾਲ ਉੱਤਰੀ ਭਾਰਤ ਵਿੱਚ ਰਾਤ ਨੂੰ ਪਾਰਾ ਡਿੱਗ ਜਾਂਦਾ ਹੈ। ਇਸ ਲਈ ਅਕਤੂਬਰ ਵਿੱਚ ਹੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਬੇਸ਼ੱਕ ਲੋਕ ਅਜੇ ਗਰਮ ਕੱਪੜੇ, ਜੈਕਟਾਂ ਤੇ ਸਵੈਟਰ ਆਦਿ ਨਹੀਂ ਪਾਉਣ ਲੱਗੇ ਪਰ ਬੱਚੇ ਤੇ ਬਜ਼ੁਰਗ ਜੁਰਾਬਾਂ ਜ਼ਰੂਰ ਪਹਿਣ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਰਾਤ ਨੂੰ ਵੀ ਜੁਰਾਬਾਂ ਪਾ ਕੇ ਸੌਂਦੇ ਹਨ, ਪਰ ਕੀ ਇਹ ਸੁਰੱਖਿਅਤ ਹੈ?
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਹਿਰਾਂ ਨੇ ਦੱਸਿਆ ਕਿ ਜੁਰਾਬਾਂ ਪਹਿਨਣਾ ਪੂਰੀ ਤਰ੍ਹਾਂ ਨਾਲ ਆਮ ਗੱਲ ਹੈ ਤੇ ਇਸ ਨਾਲ ਚੰਗੀ ਨੀਂਦ ਆਉਂਦੀ ਹੈ, ਕਿਉਂਕਿ ਠੰਢੇ ਪੈਰਾਂ ਵਿੱਚ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਖੂਨ ਦਾ ਸੰਚਾਰ ਘੱਟ ਜਾਂਦਾ ਹੈ। ਅਜਿਹੇ 'ਚ ਰਾਤ ਨੂੰ ਸੌਂਦੇ ਸਮੇਂ ਜੁਰਾਬਾਂ ਪਹਿਨਣ 'ਚ ਕੋਈ ਨੁਕਸਾਨ ਨਹੀਂ ਹੁੰਦਾ।
ਦਰਅਸਲ ਅਕਸਰ ਸੁਣਿਆ ਜਾਂਦਾ ਹੈ ਕਿ ਰਾਤ ਨੂੰ ਜੁਰਾਬਾਂ ਪਾ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਸਿਰ ਗਰਮ ਹੋ ਜਾਂਦਾ ਹੈ ਪਰ ਸਿਹਤ ਮਾਹਿਰਾਂ ਮੁਤਾਬਕ ਅਜਿਹਾ ਕੁਝ ਨਹੀਂ, ਪੈਰਾਂ ਨੂੰ ਗਰਮ ਰੱਖਣ ਲਈ ਸਰਦੀਆਂ ਵਿੱਚ ਰਾਤ ਨੂੰ ਜੁਰਾਬਾਂ ਪਹਿਨਣੀਆਂ ਚੰਗੀਆਂ ਹਨ।
ਜੁਰਾਬਾਂ ਪਹਿਨਣ ਦੇ ਫਾਇਦੇ
ਇਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਰੀਰ ਗਰਮ ਰਹਿੰਗਾ ਹੈ। ਖਾਸ ਕਰਕੇ ਸਰਦੀਆਂ ਵਿੱਚ ਅਸੀਂ ਜਿੰਨੀਆਂ ਮਰਜ਼ੀ ਰਜਾਈਆਂ ਤੇ ਕੰਬਲ ਲੈ ਲਈਏ, ਪੈਰਾਂ ਨੂੰ ਗਰਮੀ ਨਹੀਂ ਮਿਲਦੀ, ਤਾਂ ਪੂਰੇ ਸਰੀਰ ਵਿੱਚ ਠੰਢ ਦਾ ਅਹਿਸਾਸ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੁਰਾਬਾਂ ਪਹਿਨਣ ਨਾਲ ਸਰੀਰ ਨੂੰ ਨਿੱਘ ਮਿਲਦਾ ਹੈ।
ਬਿਸਤਰੇ 'ਤੇ ਜੁਰਾਬਾਂ ਪਾ ਕੇ ਸੌਣ ਨਾਲ ਤੁਹਾਡੇ ਪੈਰਾਂ ਵਿੱਚ ਖੂਨ ਦਾ ਪ੍ਰਵਾਹ ਵਧਦਾ ਹੈ ਇਹ ਫੱਟੀਆਂ ਅੱਡੀਆਂ ਨੂੰ ਠੀਕ ਕਰਦਾ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਠੰਢੇ ਮਾਹੌਲ ਵਿੱਚ ਸੌਂਦੇ ਸਮੇਂ ਆਪਣੇ ਪੈਰਾਂ ਨੂੰ ਗਰਮ ਕਰਨ ਲਈ ਬੈੱਡ ਉਪਰ ਜੁਰਾਬਾਂ ਦੀ ਵਰਤੋਂ ਕਰਨ ਨਾਲ ਨੀਂਦ ਦੀ ਗੁਣਵੱਤਾ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਲੰਬੇ ਸਮੇਂ ਦੀ ਨੀਂਦ ਤੇ ਨੀਂਦ ਦੌਰਾਨ ਘੱਟ ਜਾਗਣ ਨਾਲ ਜੁੜਿਆ ਹੋਇਆ ਹੈ।
ਜੁਰਾਬਾਂ ਪਹਿਨਣ ਦੇ ਨੁਕਸਾਨ
ਹਾਲਾਂਕਿ ਜੁਰਾਬਾਂ ਪਹਿਨ ਕੇ ਸੌਣਾ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ, ਪਰ ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ, ਜਿਵੇਂ ਜੇਕਰ ਤੁਸੀਂ ਬਹੁਤ ਜ਼ਿਆਦਾ ਤੰਗ ਜੁਰਾਬਾਂ ਪਹਿਨ ਰਹੇ ਹੋ ਤਾਂ ਇਸ ਨਾਲ ਖੂਨ ਦਾ ਸੰਚਾਰ ਰੁਕ ਸਕਦਾ ਹੈ ਤੇ ਇਹ ਨੁਕਸਾਨਦੇਹ ਹੋ ਸਕਦਾ ਹੈ। ਜੁਰਾਬਾਂ ਦੀ ਸਹੀ ਸਫਾਈ ਨੂੰ ਯਕੀਨੀ ਨਾ ਬਣਾਉਣ ਦੇ ਮਾੜੇ ਨਤੀਜੇ ਨਿਕਲ ਸਕਦੇ ਹਨ। ਚਮੜੀ ਦੀ ਲਾਗ ਦਾ ਖਤਰਾ ਖਾਸ ਤੌਰ 'ਤੇ ਵਧ ਸਕਦਾ ਹੈ, ਜੇਕਰ ਵਰਤੀਆਂ ਜਾਣ ਵਾਲੀਆਂ ਜੁਰਾਬਾਂ ਨਾਈਲੋਨ ਵਰਗੇ ਸਿੰਥੈਟਿਕ ਫੈਬਰਿਕ ਦੀਆਂ ਬਣੀਆਂ ਹੋਣ।
ਕਿਵੇਂ ਦੀਆਂ ਜੁਰਾਬਾਂ ਪਹਿਨਣੀਆਂ ਚਾਹੀਦੀਆਂ?
ਜੇਕਰ ਤੁਸੀਂ ਜੁਰਾਬਾਂ ਪਹਿਨ ਰਹੇ ਹੋ, ਤਾਂ ਤੁਹਾਨੂੰ ਕੁਦਰਤੀ ਤੇ ਨਰਮ ਰੇਸ਼ਿਆਂ ਨਾਲ ਬਣੇ ਜੁਰਾਬਾਂ ਦੀ ਚੋਣ ਕਰਨੀ ਚਾਹੀਦੀ ਹੈ। ਮੇਰਿਨੋ ਉੱਨ, ਕਸ਼ਮੀਰੀ ਵਰਗੇ ਨਰਮ ਰੇਸ਼ੇ ਵਾਲੀਆਂ ਜੁਰਾਬਾਂ ਬਹੁਤ ਵਧੀਆ ਹਨ। ਸੂਤੀ ਜੁਰਾਬਾਂ ਵੀ ਲਾਭ ਪ੍ਰਦਾਨ ਕਰਦੀਆਂ ਹਨ, ਪਰ ਯਕੀਨੀ ਬਣਾਓ ਕਿ ਉਹ 100% ਸੂਤੀ ਹਨ।