ਸ਼ੂਗਰ ਦੀ ਬਿਮਾਰੀ ਦੇ ਵਧਦੇ ਮਾਮਲੇ ਸਿਰਫ ਇੱਕ ਦੇਸ਼ ਤੱਕ ਸੀਮਤ ਨਹੀਂ ਹਨ। ਹਾਲਾਂਕਿ ਭਾਰਤ ਨੂੰ ਡਾਇਬੀਟੀਜ਼ ਦੀ ਰਾਜਧਾਨੀ ਮੰਨਿਆ ਜਾਂਦਾ ਹੈ, ਪਰ ਇਹ ਬਿਮਾਰੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ੂਗਰ ਦੀ ਬਿਮਾਰੀ ਹੁਣ ਘੱਟ ਉਮਰ ਦੇ ਲੋਕਾਂ ਨੂੰ ਵੀ ਹੋਣ ਲੱਗੀ ਹੈ। ਇਹ ਬਿਮਾਰੀ ਜੀਵਨ ਸ਼ੈਲੀ ਨਾਲ ਜੁੜੀ ਹੋਈ ਹੈ। ਭਾਰਤ ਵਿੱਚ ਖਾਣ-ਪੀਣ ਦੀ ਵਿਭਿੰਨਤਾ ਬਹੁਤ ਜ਼ਿਆਦਾ ਹੈ, ਜੋ ਕਿਤੇ ਨਾ ਕਿਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇੱਥੇ ਕਿਸੇ ਨੂੰ ਖਾਣ ਤੋਂ ਰੋਕਣਾ ਪਾਪ ਦੇ ਬਰਾਬਰ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਮਿੱਠਾ ਖਾਣ ਦੀ ਇੱਛਾ ਨੂੰ ਦਬਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਪਰ ਕੀ ਜੇ ਕੋਈ ਅਜਿਹਾ ਕੁਦਰਤੀ ਮਿੱਠਾ ਮਿਲ ਜਾਵੇ ਜੋ ਮਿੱਠਾ ਹੋਵੇ ਅਤੇ ਸ਼ੂਗਰ ਦਾ ਪੱਧਰ ਵੀ ਨਾ ਵਧਾਵੇ? ਸਟੀਵੀਆ ਅਜਿਹਾ ਹੀ ਕੁਦਰਤੀ ਵਿਕਲਪ ਹੈ, ਜੋ ਡਾਇਬੀਟੀਜ਼ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।
ਚੀਨੀ ਨਾਲੋਂ ਕਈ ਗੁਣਾ ਮਿੱਠਾ
SAAOL ਹਾਰਟ ਸੈਂਟਰ ਦੇ ਡਾਇਰੈਕਟਰ ਡਾਕਟਰ ਬਿਮਲ ਛਾਜੇੜ ਦੇ ਅਨੁਸਾਰ, ਸਟੀਵੀਆ (stevia) ਇਕ ਹਰਬਲ ਸਵੀਟਨਰ ਹੈ, ਜੋ ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਉਗਣ ਵਾਲੇ ਇਕ ਖ਼ਾਸ ਪੌਦੇ ਤੋਂ ਮਿਲਦਾ ਹੈ। ਭਾਰਤ ਵਿੱਚ ਇਸ ਨੂੰ ‘ਮਿੱਠੀ ਤੁਲਸੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਦੀਆਂ ਪੱਤੀਆਂ ਆਮ ਚੀਨੀ ਨਾਲੋਂ 50 ਤੋਂ 300 ਗੁਣਾ ਜ਼ਿਆਦਾ ਮਿੱਠੀਆਂ ਹੁੰਦੀਆਂ ਹਨ, ਪਰ ਇਨ੍ਹਾਂ ਪੱਤਿਆਂ ਵਿੱਚ ਕੈਲੋਰੀ ਬਿਲਕੁਲ ਨਹੀਂ ਹੁੰਦੀ। ਇਸ ਦਾ ਕਾਰਨ ਪੱਤਿਆਂ ਵਿੱਚ ਮੌਜੂਦ ਸਟੀਵਿਓਲ ਗਲਾਈਕੋਸਾਈਡ ਨਾਂ ਦਾ ਤੱਤ ਹੈ, ਜੋ ਇਸਨੂੰ ਕੁਦਰਤੀ ਤੌਰ 'ਤੇ ਮਿੱਠਾ ਬਣਾਉਂਦਾ ਹੈ।
ਸ਼ੂਗਰ ਲੈਵਲ ਨਹੀਂ ਵਧਾਉਂਦਾ
ਕਈ ਰਿਸਰਚਾਂ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਸਟੀਵੀਆ ਦੇ ਸੇਵਨ ਨਾਲ ਖੂਨ ਦੀ ਸ਼ੂਗਰ 'ਤੇ ਕੋਈ ਬੁਰਾ ਅਸਰ ਨਹੀਂ ਪੈਂਦਾ।
ਸਾਲ 2018 ਵਿੱਚ ਹੋਈ ਇਕ ਰਿਸਰਚ ਵਿੱਚ ਪਤਾ ਲੱਗਾ ਕਿ ਜਦੋਂ ਸਟੀਵੀਆ ਦੀਆਂ ਪੱਤੀਆਂ ਖਾਧੀਆਂ ਗਈਆਂ, ਤਾਂ 60 ਤੋਂ 120 ਮਿੰਟਾਂ ਦੇ ਅੰਦਰ ਹੀ ਬਲੱਡ ਸ਼ੂਗਰ ਲੈਵਲ ਘਟ ਗਿਆ ਅਤੇ ਇਹ ਅਸਰ ਇੰਸੁਲਿਨ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗਿਆ ਸੀ।
ਇਕ ਹੋਰ ਅਧਿਐਨ ਵਿੱਚ ਇਹ ਵੀ ਪਤਾ ਲੱਗਿਆ ਕਿ ਸੁੱਕੀਆਂ ਸਟੀਵੀਆ ਪੱਤੀਆਂ ਦੇ ਪਾਊਡਰ ਨੂੰ ਨਿਯਮਤ ਤੌਰ 'ਤੇ ਖਾਣ ਨਾਲ ਡਾਇਬਟੀਜ਼ ਦੇ ਮਰੀਜ਼ਾਂ ਦਾ ਉਪਵਾਸ (ਫਾਸਟਿੰਗ) ਅਤੇ ਖਾਣ ਤੋਂ ਬਾਅਦ ਵਾਲਾ ਬਲੱਡ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ।
ਇਨ੍ਹਾਂ ਸਮੱਸਿਆਵਾਂ ਤੋਂ ਵੀ ਮਿਲਦੀ ਹੈ ਰਾਹਤ
ਸਟੀਵੀਆ ਦੀਆਂ ਪੱਤੀਆਂ ਸਿਰਫ਼ ਸ਼ੂਗਰ ਦੇ ਮਰੀਜ਼ਾਂ ਲਈ ਹੀ ਨਹੀਂ, ਸਗੋਂ ਹੋਰ ਕਈ ਸਿਹਤ ਲਾਭ ਵੀ ਦਿੰਦੀਆਂ ਹਨ।
ਇਨ੍ਹਾਂ ਪੱਤੀਆਂ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਨੂੰ ਫ੍ਰੀ ਰੈਡਿਕਲਸ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਹ ਪੱਤੀਆਂ ਭੁੱਖ ਨੂੰ ਵੀ ਕਾਬੂ 'ਚ ਰੱਖਦੀਆਂ ਹਨ, ਜਿਸ ਨਾਲ ਵਾਰ-ਵਾਰ ਮਿੱਠਾ ਖਾਣ ਦੀ ਇੱਛਾ ਘੱਟ ਹੋ ਜਾਂਦੀ ਹੈ।
ਹੈਲਥ ਐਕਸਪਰਟਸ ਮੰਨਦੇ ਹਨ ਕਿ ਸਟੀਵੀਆ ਕੋਲੈਸਟਰੋਲ ਲੈਵਲ ਘਟਾਉਣ ਵਿੱਚ ਵੀ ਸਹਾਇਕ ਹੋ ਸਕਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
FDA ਤੋਂ ਵੀ ਮਿਲੀ ਮਨਜ਼ੂਰੀ
ਅਮਰੀਕਨ ਖਾਦ ਤੇ ਦਵਾਈ ਪ੍ਰਸ਼ਾਸਨ (FDA) ਨੇ ਸਟੀਵਿਓਲ ਗਲਾਈਕੋਸਾਈਡ ਨੂੰ ‘ਆਮ ਤੌਰ 'ਤੇ ਸੁਰੱਖਿਅਤ’ (Generally Recognized As Safe - GRAS) ਮੰਨਤਾ ਦਿੱਤੀ ਹੈ।
ਇਸਦਾ ਅਰਥ ਇਹ ਹੈ ਕਿ ਇਸਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਉਣ ਦੀ ਇਜਾਜ਼ਤ ਹੈ।
ਇਹੀ ਕਾਰਨ ਹੈ ਕਿ ਹੁਣ ਬਾਜ਼ਾਰ ਵਿੱਚ ਮਿਲ ਰਹੇ ਕਈ ਹੈਲਦੀ ਫੂਡਜ਼ ਵਿੱਚ ਸਟੀਵੀਆ ਦੀ ਵਰਤੋਂ ਕੀਤੀ ਜਾ ਰਹੀ ਹੈ।
ਡਾਇਬਿਟੀਜ਼ ਦੇ ਮਰੀਜ਼ਾਂ ਲਈ ਕਿੰਨਾ ਸੁਰੱਖਿਅਤ?
ਭਾਵੇਂ ਸਟੀਵੀਆ ਨੂੰ ਮਧੁਮੇਹ ਮਤਲਬ ਡਾਇਬਿਟੀਜ਼ ਦੇ ਮਰੀਜ਼ਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਹਰ ਵਿਅਕਤੀ ਦਾ ਸਰੀਰ ਵੱਖਰਾ ਹੁੰਦਾ ਹੈ।
ਕਈ ਲੋਕਾਂ ਨੂੰ ਇਹਦੇ ਪ੍ਰਤੀ ਸੰਵੇਦਨਸ਼ੀਲਤਾ ਹੋ ਸਕਦੀ ਹੈ, ਇਸ ਲਈ ਇਸਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਕਿਵੇਂ ਕਰੀਏ ਸਟੀਵੀਆ ਦਾ ਸੇਵਨ?
ਸਟੀਵੀਆ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਇਸਨੂੰ ਚਾਹ, ਕੌਫੀ ਜਾਂ ਹੋਰ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ, ਇਹਨੂੰ ਫਲਾਂ ਜਾਂ ਦਹੀਂ ਵਿੱਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ।
ਸਟੀਵੀਆ ਦੀਆਂ ਪੱਤੀਆਂ ਦਾ ਪਾਊਡਰ ਅਤੇ ਟੈਬਲਿਟਸ ਵੀ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹਨ, ਜਿਨ੍ਹਾਂ ਨੂੰ ਖਰੀਦ ਕੇ ਆਪਣੇ ਡਾਈਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਡਾਇਬਟੀਜ਼ ਦੇ ਮਰੀਜ਼ ਇਸ ਤੋਂ ਬਣੀਆਂ ਮਿੱਠਾਈਆਂ ਬਿਨਾਂ ਕਿਸੇ ਚਿੰਤਾ ਦੇ ਖਾ ਸਕਦੇ ਹਨ। ਜੇਕਰ ਤੁਸੀਂ ਵੀ ਚੀਨੀ ਤੋਂ ਪਰਹੇਜ਼ ਕਰਦੇ ਹੋ ਪਰ ਮਿੱਠਾ ਖਾਣ ਦੀ ਇੱਛਾ ਰੱਖਦੇ ਹੋ, ਤਾਂ ਸਟੀਵੀਆ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਇੱਕ ਚੰਗਾ ਵਿਕਲਪ ਹੋਵੇਗਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।