ਮਰੀਜ ਦੀ ਛਾਤੀ 'ਤੇ ਸੀ ਟੈਟੂ ਮੈਸੇਜ, ਡਾਕਟਰਾਂ ਨੇ ਉਸ ਨੂੰ ਮਰਨ ਦਿੱਤਾ
ਏਬੀਪੀ ਸਾਂਝਾ | 03 Dec 2017 03:48 PM (IST)
ਨਵੀਂ ਦਿੱਲੀ: ਕੀ ਤੁਸੀਂ ਕਦੇ ਸੁਣਿਆ ਹੈ ਕਿ ਹਸਪਤਾਲ 'ਚ ਆਏ ਕਿਸੇ ਮਰੀਜ਼ ਬਾਰੇ ਡਾਕਟਰਾਂ ਨੇ ਸੋਚਿਆ ਹੋਵੇ ਕਿ ਇਸ ਨੂੰ ਬਚਾਈਏ ਕਿ ਰਹਿਣ ਦੇਈਏ। ਇਹ ਗੱਲ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਅਮਰੀਕਾ ਦੇ ਫਲੋਰੀਡਾ ਸੂਬੇ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਫਲੋਰੀਡਾ ਦੇ ਹਸਪਤਾਲ 'ਚ ਡਾਕਟਰ ਉਸ ਵੇਲੇ ਦੁਚਿੱਤੀ 'ਚ ਪੈ ਗਏ ਜਦੋਂ ਉਨ੍ਹਾਂ ਕੋਲ ਬੇਹੋਸ਼ੀ ਦੀ ਹਾਲਤ 'ਚ ਮਰੀਜ ਆਇਆ। ਉਸ ਦੀ ਛਾਤੀ 'ਤੇ ਲਿਖਿਆ ਸੀ 'ਡੂ ਨੌਟ ਰਿਸਸਿਟੇਟ (ਫਿਰ ਤੋਂ ਜ਼ਿੰਦਾ ਨਾ ਹੋਣ ਦੇਣਾ)'। ਟੈਟੂ ਦੀ ਸ਼ਕਲ 'ਚ ਲਿਖੇ ਇਸ ਮੈਸੇਜ ਤੋਂ ਬਾਅਦ ਡਾਕਟਰ ਇਹ ਫੈਸਲਾ ਨਹੀਂ ਕਰ ਸਕੇ ਕਿ ਇਹ ਉਸ ਨੇ ਆਪਣੀ ਮਰਜ਼ੀ ਨਾਲ ਲਿਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 70 ਸਾਲ ਦੇ ਇਨਸਾਨ ਨੂੰ ਜੈਕਸਨ ਮੈਮੋਰੀਅਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਸ਼ਰੀਰ 'ਤੇ ਬਣੇ ਟੈਟੂ ਨਾਲ ਦੁਚਿੱਤੀ ਪੈਦਾ ਹੋ ਰਹੀ ਹੈ। ਸ਼ੁਰੂਆਤ 'ਚ ਮਰੀਜ਼ ਦੇ ਇਲਾਜ ਕਰਨ ਦਾ ਫੈਸਲਾ ਕੀਤਾ ਗਿਆ ਪਰ ਬਾਅਦ 'ਚ ਇਹ ਖਿਆਲ ਆਇਆ ਕਿ ਮਰੀਜ਼ ਨੇ ਆਪਣੀ ਇੱਛਾ ਪੂਰੀ ਕਰਨ ਲਈ ਇਹ ਕਦਮ ਚੁੱਕਿਆ ਹੋਵੇਗਾ। ਉਸ ਦੇ ਟੈਟੂ ਦੇ ਥੱਲੇ ਉਸ ਦੇ ਦਸਤਖਤ ਵੀ ਕੀਤੇ ਸਨ। ਡਾਕਟਰਾਂ ਨੇ ਮਰੀਜ਼ ਦੀ ਇੱਛਾ ਮੁਤਾਬਕ ਉਸ ਦਾ ਆਪ੍ਰੇਸ਼ਨ ਨਹੀਂ ਕੀਤਾ ਤੇ ਰਾਤ ਨੂੰ ਉਸ ਦੀ ਮੌਤ ਹੋ ਗਈ।