ਮੈਲਬਰਨ: ਵਿਗਿਆਨੀਆਂ ਨੇ ਇੱਕ ਅਜਿਹੀ ਦਵਾਈ ਦੀ ਪਛਾਣ ਕਰ ਲਈ ਹੈ ਜੋ ਅੱਲ੍ਹੜ ਉਮਰ ਦੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦੀ ਇੱਛਾ ਖ਼ਤਮ ਕਰਨ ਵਿੱਚ ਸਹਾਈ ਹੁੰਦੀ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਐਡੀਲੇਡ ਦੇ ਖੋਜਕਾਰਾਂ ਨੇ ਸ਼ਰਾਬ ਸੇਵਨ ਵਰਗੀਆਂ ਅਲਾਮਤਾਂ ਨੂੰ ਰੋਕਣ ਦਾ ਰਾਹ ਖੋਜਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਨੌਜਵਾਨਾਂ ਵਿੱਚ ਉਮਰ ਦੇ ਹਿਸਾਬ ਨਾਲ ਸੋਝੀ ਦੀ ਕਮੀ ਹੋਣ ਕਾਰਨ ਉਹ ਅਜਿਹੇ ਕੰਮਾਂ ਵਿੱਚ ਗਲਤਾਨ ਹੋ ਜਾਂਦੇ ਹਨ। ਉਨ੍ਹਾਂ ਵੱਲੋਂ ਵਿਕਸਤ ਕੀਤੀ ਗਈ ਦਵਾਈ ਦਿਮਾਗ ਨੂੰ ਸ਼ਰਾਬ ਦੀ ਤਲਬ ਮਹਿਸੂਸ ਕਰਵਾਉਣ ਵਾਲੇ ਸੰਦੇਸ਼ਾਂ ਨੂੰ ਰੋਕਣ ਦਾ ਕੰਮ ਕਰਦੀ ਹੈ। ਖੋਜਕਾਰਾਂ ਨੇ ਨੈਲਟ੍ਰੈਕਸਾਨ ਨਾਂ ਦੀ ਦਵਾਈ ਦੀ ਵਰਤੋਂ ਕੀਤੀ ਜੋ ਸੰਦੇਸ਼ ਪ੍ਰਾਪਤ ਕਰਨ ਵਾਲੇ ਹਿੱਸੇ ਟੀ.ਐਲ.ਆਰ. 4 ਨੂੰ ਸੁੰਨ ਕਰਨ ਲਈ ਜਾਣੀ ਜਾਂਦੀ ਹੈ। ਵਿਗਿਆਨੀਆਂ ਦੀ ਇਸ ਖੋਜ ਨੂੰ ਇੱਕ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।