Milk benefits: ਪੰਜਾਬੀਆਂ ਨਾਲ ਬੇਸ਼ੱਕ ਸ਼ਰਾਬ ਨੂੰ ਜੋੜਿਆ ਜਾਂਦਾ ਹੈ ਪਰ ਉਹ ਦੁੱਧ ਪੀਣ ਦੇ ਵੀ ਬੇਹੱਦ ਸ਼ੌਕੀਨ ਹਨ। ਇਹੀ ਕਾਰਨ ਹਨ ਕਿ ਪੰਜਾਬੀ ਸਰੀਰਕ ਪੱਖੋਂ ਤਾਕਤਵਰ ਹੁੰਦੇ ਹਨ। ਤਕਰੀਬਨ ਹਰ ਪੰਜਾਬੀ ਰਾਤ ਨੂੰ ਦੁੱਧ ਦਾ ਗਲਾਸ ਪੀ ਕੇ ਹੀ ਸੌਂਦਾ ਹੈ। ਇਸ ਦੁੱਧ ਵਿੱਚ ਕੁਝ ਚੀਜ਼ਾਂ ਸ਼ਾਮਲ ਕਰ ਲਈਆਂ ਜਾਣ ਤਾਂ ਇਹ ਸਰੀਰ ਲਈ ਰਾਮਬਾਣ ਸਾਬਤ ਹੋ ਸਕਦਾ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਰੁਟੀਨ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਕੋਸਾ ਦੁੱਧ ਪੀਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਕੋਸਾ ਦੁੱਧ ਨਿਯਮਤ ਰੂਪ ਵਿੱਚ ਪੀਣ ਨਾਲ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦੁੱਧ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਪਰ ਇਸ ਵਿੱਚ ਕੁਝ ਚੀਜ਼ਾਂ ਮਿਲਾ ਲਈਆਂ ਜਾਣ ਤਾਂ ਸੋਨੇ 'ਤੇ ਸੁਹਾਗਾ ਹੋ ਜਾਏਗਾ।
ਸਤਾਵਰੀ
ਕਈ ਵਾਰ ਸਾਡਾ ਸਰੀਰ ਰਾਤ ਨੂੰ ਸੌਣ ਲਈ ਤਿਆਰ ਨਹੀਂ ਹੁੰਦਾ। ਜੇਕਰ ਦਿਨ ਵਿੱਚ ਪ੍ਰੇਸ਼ਾਨੀ ਰਹੇ ਤਾਂ ਰਾਤ ਨੂੰ ਸਾਡਾ ਸਰੀਰ ਬਹੁਤ ਬੇਚੈਨੀ ਮਹਿਸੂਸ ਕਰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਦੁੱਧ ਵਿੱਚ ਸਤਾਵਰੀ ਮਿਲਾ ਕੇ ਪੀਓ। ਇਸ ਨਾਲ ਨੀਂਦ ਠੀਕ ਹੋ ਸਕਦੀ ਹੈ। ਇਸ ਲਈ 1 ਗਲਾਸ ਦੁੱਧ ਲਵੋ ਤੇ ਇਸ ਵਿੱਚ ਲਗਭਗ ਅੱਧਾ ਚਮਚ ਸਤਾਵਰੀ ਮਿਲਾਓ। ਹੁਣ ਇਸ ਮਿਸ਼ਰਣ ਦਾ ਸੇਵਨ ਕਰੋ। ਇਹ ਸਿਹਤ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
ਲੌਂਗ
ਸਰੀਰ 'ਚ ਹੋਣ ਵਾਲੀਆਂ ਕਈ ਸਮੱਸਿਆਵਾਂ ਲਈ ਲੌਂਗ ਵਾਲਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੈ। ਇਹ ਮਰਦਾਂ ਦੀਆਂ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਲਈ ਦੁੱਧ 'ਚ 1 ਜਾਂ 2 ਲੌਂਗ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਪੀਓ।
ਹਲਦੀ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਥਕਾਵਟ ਘੱਟ ਹੁੰਦੀ ਹੈ ਤੇ ਕਮਜ਼ੋਰ ਇਮਿਊਨਿਟੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਰਦੀ-ਜ਼ੁਕਾਮ ਦੀ ਸਮੱਸਿਆ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਦੁੱਧ ਵਿੱਚ 1 ਚੁਟਕੀ ਹਲਦੀ ਪਾਊਡਰ ਮਿਲਾ ਕੇ ਪੀਓ।