ਵਿਟਾਮਿਨ ਸੀ ਦਾ ਨਵਾਂ ਫਾਇਦਾ...
ਏਬੀਪੀ ਸਾਂਝਾ | 10 Jan 2018 04:12 PM (IST)
ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ ਤੋਂ ਬਚਾਉਂਦਾ ਹੈ ਸਗੋਂ ਇਸਦੇ ਸੇਵਨ ਨਾਲ ਮੋਤੀਆਬਿੰਦ ਰੋਕਣ 'ਚ ਵੀ ਮਦਦ ਮਿਲਦੀ ਹੈ। ਇਸ ਖੋਜ ਦੀ ਅਗਵਾਈ ਕਰਨ ਵਾਲੇ ਡਾ. ਕ੍ਰਿਸਟੋਫਰ ਹੇਮੰਡ ਨੇ 'ਓਪਥਾਮੋਲਾਜੀ' ਨਾਂ ਦੇ ਰਸਾਲੇ ਵਿਚ ਪ੍ਰਕਾਸ਼ਿਤ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਹਾਲਾਂਕਿ ਅਸੀਂ ਪੂਰੀ ਤਰ੍ਹਾਂ ਮੋਤੀਆਬਿੰਦ ਦੇ ਵਿਕਾਸ ਤੋਂ ਬਚਾਅ ਨਹੀਂ ਕਰ ਸਕਦੇ ਪਰ ਵਿਟਾਮਿਨ ਸੀ ਦੇ ਸੇਵਨ ਨਾਲ ਅਸੀਂ ਇਸ ਨੂੰ ਕੁਝ ਹੱਦ ਤੱਕ ਰੋਕਣ ਵਿਚ ਸਮਰੱਥ ਹੋ ਸਕਦੇ ਹਾਂ। ਖੋਜਕਾਰਾਂ ਨੇ ਦੱਸਿਆ ਕਿ ਮੋਤੀਆਬਿੰਦ ਸੁਭਾਵਿਕ ਰੂਪ ਵਿਚ ਉਮਰ ਦੇ ਨਾਲ ਹੁੰਦਾ ਹੈ ਅਤੇ ਇਸ ਨਾਲ ਅੱਖਾਂ ਦੇ ਲੈਂਜ਼ ਧੁੰਦਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਬ੍ਰਿਟੇਨ ਦੀਆਂ 1000 ਔਰਤਾਂ 'ਤੇ ਕੀਤੀ ਗਈ ਖੋਜ ਵਿਚ ਪਤਾ ਲੱਗਾ ਹੈ ਕਿ ਆਪਣੇ ਆਹਾਰ ਵਿਚ ਉੱਚ ਮਾਤਰਾ ਵਿਚ ਵਿਟਾਮਿਨ ਸੀ ਦਾ ਸੇਵਨ ਕਰਨ ਵਾਲੀਆਂ ਔਰਤਾਂ ਵਿਚ 10 ਸਾਲਾਂ ਤੱਕ ਮੋਤੀਆਬਿੰਦ ਦਾ ਇਕ-ਤਿਹਾਈ ਖਤਰਾ ਘੱਟ ਹੁੰਦਾ ਹੈ।