Atrial Fibrillation Symptoms And Causes : ਦਿਲ ਦੀ ਧੜਕਨ ਦਾ ਅਚਾਨਕ ਤੇਜ਼ ਹੋ ਜਾਣਾ, ਛਾਤੀ ਵਿੱਚ ਫੜਫੜਾਹਟ ਮਹਿਸੂਸ ਹੋਣਾ ਜਾਂ ਬਿਨਾਂ ਕਿਸੇ ਖਾਸ ਕਾਰਨ ਦੇ ਸਾਹ ਫੁੱਲਣਾ – ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਜੇਕਰ ਇਹ ਸਮੱਸਿਆ ਵਾਰ-ਵਾਰ ਹੋਵੇ, ਤਾਂ ਇਹ ਐਟ੍ਰੀਅਲ ਫਿਬ੍ਰਿਲੇਸ਼ਨ (Atrial Fibrillation) ਨਾਮਕ ਦਿਲ ਦੀ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦੀ ਹੈ।
ਇਹ ਦੁਨੀਆ ਭਰ ਵਿੱਚ ਦਿਲ ਦੀ ਧੜਕਨ ਦੀ ਲਯ (Heart Rhythm) ਨਾਲ ਜੁੜੀਆਂ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਵਿੱਚ ਇਸ ਦੇ ਕੋਈ ਸਪੱਸ਼ਟ ਲੱਛਣ ਨਹੀਂ ਦਿਖਾਈ ਦਿੰਦੇ ਅਤੇ ਬਿਮਾਰੀ ਦਾ ਪਤਾ ਤਦੋਂ ਲੱਗਦਾ ਹੈ, ਜਦੋਂ ਕੋਈ ਗੰਭੀਰ ਜਟਿਲਤਾ ਪੈਦਾ ਹੋ ਜਾਂਦੀ ਹੈ।
ਗਲੋਬਲ ਬਰਡਨ ਆਫ ਡਿਜ਼ੀਜ਼ ਸਟਡੀ ਦੇ ਅਨੁਮਾਨ ਮੁਤਾਬਕ ਭਾਰਤ ਵਿੱਚ ਕਰੀਬ 80 ਲੱਖ ਲੋਕ ਐਟ੍ਰੀਅਲ ਫਿਬ੍ਰਿਲੇਸ਼ਨ ਨਾਲ ਜੀ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਧਦੀ ਉਮਰ ਦੇ ਨਾਲ-ਨਾਲ ਮੋਟਾਪਾ, ਸ਼ੂਗਰ ਅਤੇ ਬੇਕਾਬੂ ਹਾਈ ਬਲੱਡ ਪ੍ਰੈਸ਼ਰ ਦੇ ਵਧਦੇ ਮਾਮਲੇ ਵੀ ਇਸ ਬਿਮਾਰੀ ਦੇ ਵਧਣ ਦਾ ਵੱਡਾ ਕਾਰਨ ਹਨ।
ਡਿਊਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਮੈਡੀਸਿਨ ਪ੍ਰੋਫੈਸਰ ਡਾ. ਕ੍ਰਿਸਟੋਫਰ ਗ੍ਰੇਂਜਰ ਦੇ ਅਨੁਸਾਰ, ਐਟ੍ਰੀਅਲ ਫਿਬ੍ਰਿਲੇਸ਼ਨ ਉਸ ਵੇਲੇ ਹੁੰਦੀ ਹੈ, ਜਦੋਂ ਦਿਲ ਦੇ ਉੱਪਰੀ ਚੈਂਬਰ (ਐਟ੍ਰੀਆ) ਵਿੱਚ ਅਸਧਾਰਣ ਇਲੈਕਟ੍ਰਿਕਲ ਗਤੀਵਿਧੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਦਿਲ ਨਿਯਮਿਤ ਅਤੇ ਸਹੀ ਤਰੀਕੇ ਨਾਲ ਧੜਕਣ ਦੀ ਬਜਾਏ ਬੇਤਰਤੀਬ ਢੰਗ ਨਾਲ ਧੜਕਣ ਲੱਗ ਪੈਂਦਾ ਹੈ।
ਐਟ੍ਰੀਅਲ ਫਿਬ੍ਰਿਲੇਸ਼ਨ ਦੇ ਲੱਛਣ ਕੀ ਹਨ?
ਹਰ ਵਿਅਕਤੀ ਵਿੱਚ ਇਸ ਬਿਮਾਰੀ ਦੀ ਪਛਾਣ ਆਸਾਨ ਨਹੀਂ ਹੁੰਦੀ। ਕੁਝ ਲੋਕਾਂ ਵਿੱਚ ਇਸ ਦੇ ਲੱਛਣ ਸਪੱਸ਼ਟ ਦਿਖਾਈ ਦਿੰਦੇ ਹਨ, ਜਦਕਿ ਕਈ ਲੋਕਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸਨੂੰ ਸਾਇਲੈਂਟ ਐਟ੍ਰੀਅਲ ਫਿਬ੍ਰਿਲੇਸ਼ਨ ਕਿਹਾ ਜਾਂਦਾ ਹੈ। ਦਿਲ ਦੀ ਧੜਕਨ ਦਾ ਬਹੁਤ ਤੇਜ਼ ਹੋਣਾ ਜਾਂ ਧੜਕਨ ਮਹਿਸੂਸ ਹੋਣਾ ,ਸਾਹ ਫੁੱਲਣਾ ,ਜ਼ਿਆਦਾ ਥਕਾਵਟ ਮਹਿਸੂਸ ਕਰਨਾ ,ਕਸਰਤ ਕਰਨ ਦੀ ਸਮਰੱਥਾ ਘਟ ਜਾਣਾ ,ਨਬਜ਼ ਦਾ ਬੇਤਰਤੀਬ ਹੋਣਾ ਇਸ ਦੇ ਆਮ ਲੱਛਣ ਹਨ।
ਡਾ. ਗ੍ਰੇਂਜਰ ਦੇ ਅਨੁਸਾਰ ਜੇ ਆਰਾਮ ਕਰਦੇ ਸਮੇਂ ਵੀ ਦਿਲ ਦੀ ਧੜਕਨ ਅਚਾਨਕ ਤੇਜ਼ ਹੋ ਜਾਵੇ ਜਾਂ ਲਗਾਤਾਰ ਬੇਤਰਤੀਬ ਧੜਕਨ ਮਹਿਸੂਸ ਹੋਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮਾਰਟਵਾਚ ਵੀ ਕਈ ਵਾਰ ਇਸ ਸਮੱਸਿਆ ਦੀ ਪਛਾਣ ਵਿੱਚ ਮਦਦ ਕਰ ਸਕਦੀ ਹੈ, ਪਰ ਪੁਸ਼ਟੀ ਲਈ ਈਸੀਜੀ (ECG) ਕਰਵਾਉਣਾ ਲਾਜ਼ਮੀ ਹੁੰਦਾ ਹੈ।
ਐਟ੍ਰੀਅਲ ਫਿਬ੍ਰਿਲੇਸ਼ਨ ਖਤਰਨਾਕ ਕਿਉਂ ਹੈ?
ਇਸ ਬਿਮਾਰੀ ਨਾਲ ਜੁੜਿਆ ਸਭ ਤੋਂ ਵੱਡਾ ਖਤਰਾ ਸਟ੍ਰੋਕ ਹੈ। ਜਦੋਂ ਦਿਲ ਦੇ ਉੱਪਰੀ ਚੈਂਬਰ ਠੀਕ ਤਰੀਕੇ ਨਾਲ ਸਿਕੁੜ ਨਹੀਂ ਪਾਉਂਦੇ, ਤਾਂ ਦਿਲ ਵਿੱਚ ਖੂਨ ਇਕੱਠਾ ਹੋ ਸਕਦਾ ਹੈ ਅਤੇ ਖੂਨ ਦੇ ਥੱਕੇ ਬਣ ਸਕਦੇ ਹਨ। ਜੇ ਇਹ ਥੱਕਾ ਦਿਮਾਗ ਤੱਕ ਪਹੁੰਚ ਜਾਵੇ, ਤਾਂ ਖੂਨ ਦਾ ਪ੍ਰਵਾਹ ਰੁਕ ਸਕਦਾ ਹੈ ਅਤੇ ਇਸਕੀਮਿਕ ਸਟ੍ਰੋਕ ਹੋ ਸਕਦਾ ਹੈ।
ਡਾ. ਗ੍ਰੇਂਜਰ ਦੇ ਮੁਤਾਬਕ ਐਟ੍ਰੀਅਲ ਫਿਬ੍ਰਿਲੇਸ਼ਨ ਸਟ੍ਰੋਕ ਦਾ ਖਤਰਾ ਲਗਭਗ ਪੰਜ ਗੁਣਾ ਵਧਾ ਦਿੰਦੀ ਹੈ। ਹਰ 5 ਵਿੱਚੋਂ 1 ਸਟ੍ਰੋਕ ਇਸ ਬਿਮਾਰੀ ਨਾਲ ਜੁੜਿਆ ਹੁੰਦਾ ਹੈ। ਇਸ ਕਾਰਨ ਹੋਣ ਵਾਲੇ ਸਟ੍ਰੋਕ ਆਮ ਤੌਰ 'ਤੇ ਜ਼ਿਆਦਾ ਗੰਭੀਰ ਹੁੰਦੇ ਹਨ ਅਤੇ ਸਥਾਈ ਅਪਾਹਜਤਾ ਦਾ ਖਤਰਾ ਵੀ ਵਧ ਜਾਂਦਾ ਹੈ। ਇਹ ਸਮੱਸਿਆ ਸਿਰਫ਼ ਸਟ੍ਰੋਕ ਤੱਕ ਹੀ ਸੀਮਿਤ ਨਹੀਂ। ਇਹ ਦਿਲ ਦੀ ਪੰਪਿੰਗ ਸਮਰੱਥਾ ਨੂੰ ਪ੍ਰਭਾਵਿਤ ਕਰਕੇ ਹਾਰਟ ਫੇਲਿਅਰ ਦਾ ਕਾਰਨ ਵੀ ਬਣ ਸਕਦੀ ਹੈ। ਇਸ ਨਾਲ ਫੇਫੜਿਆਂ ਵਿੱਚ ਤਰਲ ਪਦਾਰਥ ਇਕੱਠਾ ਹੋ ਸਕਦਾ ਹੈ ਅਤੇ ਸਾਹ ਲੈਣ ਵਿੱਚ ਹੋਰ ਮੁਸ਼ਕਲ ਆ ਸਕਦੀ ਹੈ।
ਇਲਾਜ ਨਾਲ 70% ਤੱਕ ਸਟ੍ਰੋਕ ਰੋਕਿਆ ਜਾ ਸਕਦਾ ਹੈ
ਐਟ੍ਰੀਅਲ ਫਿਬ੍ਰਿਲੇਸ਼ਨ ਨਾਲ ਜੁੜੇ ਸਟ੍ਰੋਕ ਨੂੰ ਰੋਕਣ ਲਈ ਸਮੇਂ 'ਤੇ ਐਂਟੀਕੋਐਗੂਲੈਂਟ (Anticoagulant) ਦਵਾਈਆਂ, ਜਿਨ੍ਹਾਂ ਨੂੰ ਆਮ ਤੌਰ 'ਤੇ ਬਲੱਡ ਥਿਨਰ ਕਿਹਾ ਜਾਂਦਾ ਹੈ, ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਡਾ. ਗ੍ਰੇਂਜਰ ਦੇ ਅਨੁਸਾਰ ਪ੍ਰਭਾਵਸ਼ਾਲੀ ਬਲੱਡ ਥਿਨਰ ਦੀ ਵਰਤੋਂ ਨਾਲ ਇਸ ਬਿਮਾਰੀ ਕਾਰਨ ਹੋਣ ਵਾਲੇ ਕਰੀਬ 70 ਫੀਸਦੀ ਸਟ੍ਰੋਕ ਰੋਕੇ ਜਾ ਸਕਦੇ ਹਨ।
ਇਲਾਜ ਵਿੱਚ ਦਿਲ ਦੀ ਧੜਕਨ ਦੀ ਗਤੀ ਜਾਂ ਲਯ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਕੁਝ ਮਰੀਜ਼ਾਂ ਨੂੰ ਕੈਥੇਟਰ ਐਬਲੇਸ਼ਨ (Catheter Ablation) ਦੀ ਲੋੜ ਪੈਂਦੀ ਹੈ। ਇਹ ਇੱਕ ਘੱਟ ਚੀਰ-ਫਾੜ ਵਾਲੀ ਪ੍ਰਕਿਰਿਆ ਹੈ, ਜਿਸ ਵਿੱਚ ਅਸਧਾਰਣ ਇਲੈਕਟ੍ਰਿਕਲ ਸਿਗਨਲਾਂ ਨੂੰ ਰੋਕ ਕੇ ਦਿਲ ਦੀ ਸਧਾਰਣ ਲਯ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕੀ ਐਟ੍ਰੀਅਲ ਫਿਬ੍ਰਿਲੇਸ਼ਨ ਤੋਂ ਬਚਿਆ ਜਾ ਸਕਦਾ ਹੈ?
ਉਮਰ ਅਤੇ ਜੈਨੇਟਿਕਸ ਵਰਗੇ ਕੁਝ ਖਤਰੇ ਦੇ ਕਾਰਕਾਂ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਜੀਵਨ ਸ਼ੈਲੀ ਵਿੱਚ ਸੁਧਾਰ ਕਰਕੇ ਇਸ ਬਿਮਾਰੀ ਦਾ ਖਤਰਾ ਘਟਾਇਆ ਜਾ ਸਕਦਾ ਹੈ ਜਾਂ ਇਸ ਦੇ ਹੋਣ ਨੂੰ ਦੇਰੀ ਨਾਲ ਲਿਆਂਦਾ ਜਾ ਸਕਦਾ ਹੈ।
ਮਾਹਿਰਾਂ ਦੀ ਸਲਾਹ ,ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖੋ।ਸ਼ੂਗਰ ਅਤੇ ਕੋਲੇਸਟਰੋਲ ਨੂੰ ਕਾਬੂ ਵਿੱਚ ਰੱਖੋ।ਸਿਹਤਮੰਦ ਵਜ਼ਨ ਬਣਾਈ ਰੱਖੋ।ਨਿਯਮਿਤ ਕਸਰਤ ਕਰੋ।ਧੂਮਰਪਾਨ ਤੋਂ ਬਚੋ।ਸ਼ਰਾਬ ਦਾ ਸੇਵਨ ਸੀਮਿਤ ਕਰੋ।ਪੂਰੀ ਨੀਂਦ ਲਓ। ਜੇ ਸਲੀਪ ਐਪਨੀਆ ਦਾ ਸ਼ੱਕ ਹੋਵੇ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਓ।
ਡਾ. ਗ੍ਰੇਂਜਰ ਨੇ ਇਹ ਵੀ ਦੱਸਿਆ ਕਿ ਸੀਮਿਤ ਮਾਤਰਾ ਵਿੱਚ ਚਾਹ ਜਾਂ ਕੌਫੀ ਪੀਣ ਨਾਲ ਐਟ੍ਰੀਅਲ ਫਿਬ੍ਰਿਲੇਸ਼ਨ ਦਾ ਖਤਰਾ ਵਧਣ ਦੇ ਪੱਕੇ ਸਬੂਤ ਨਹੀਂ ਮਿਲੇ। ਕੁਝ ਅਧਿਐਨਾਂ ਵਿੱਚ ਤਾਂ ਇਸਦਾ ਸੰਬੰਧ ਘੱਟ ਖਤਰੇ ਨਾਲ ਵੀ ਦੇਖਿਆ ਗਿਆ ਹੈ।
