ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ, ਬਦਲਦੀ ਜੀਵਨ ਸ਼ੈਲੀ, ਗਲਤ ਖੁਰਾਕ ਅਤੇ ਪਾਣੀ ਦੀ ਘਾਟ ਵਰਗੀਆਂ ਆਦਤਾਂ ਕਾਰਨ ਕਿਡਨੀ ਵਿੱਚ ਪੱਥਰੀ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ। ਇਹ ਅਜਿਹੀ ਸਥਿਤੀ ਹੁੰਦੀ ਹੈ ਜਿਥੇ ਕਿਡਨੀ ਵਿੱਚ ਮਿਨਰਲ ਅਤੇ ਹੋਰ ਤੱਤ ਇਕੱਠੇ ਹੋ ਕੇ ਠੋਸ ਕ੍ਰਿਸਟਲ ਬਣਾਉਂਦੇ ਹਨ। ਇਹ ਪੱਥਰੀ ਨਾ ਸਿਰਫ਼ ਅਸਹਿਣ ਦਰਦ ਦਿੰਦੀ ਹੈ, ਸਗੋਂ ਕਈ ਵਾਰ ਇਸ ਦਾ ਇਲਾਜ ਸਰਜਰੀ ਰਾਹੀਂ ਕਰਵਾਉਣਾ ਪੈਂਦਾ ਹੈ। ਕਈ ਵਾਰ ਲੋਕਾਂ ਨੂੰ ਸਰਜਰੀ ਤੋਂ ਬਾਅਦ ਵੀ ਦੁਬਾਰਾ ਪੱਥਰੀ ਹੋ ਜਾਂਦੀ ਹੈ। ਪਰ ਅਖ਼ੀਰ ਇਹ ਦੁਬਾਰਾ ਕਿਉਂ ਬਣਦੀ ਹੈ? ਆਓ ਜਾਣੀਏ ਇਸ ਦੇ ਕਾਰਨ।
ਐਕਸਪਰਟ ਕੀ ਕਹਿੰਦੇ ਹਨ?
ਐਸ਼ੀਅਨ ਹਸਪਤਾਲ ਦੇ ਯੂਰੋਲੋਜਿਸਟ ਅਤੇ ਕਿਡਨੀ ਤੇ ਰੋਬੋਟਿਕ ਸਰਜਰੀ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਕੁਮਾਰ ਸੇਠੀਆ ਦੱਸਦੇ ਹਨ ਕਿ ਜੇ ਕਿਸੇ ਵਿਅਕਤੀ ਨੂੰ ਇੱਕ ਵਾਰੀ ਕਿਡਨੀ ਵਿੱਚ ਪੱਥਰੀ ਹੋ ਜਾਏ, ਤਾਂ ਇਲਾਜ ਹੋਣ ਤੋਂ ਬਾਅਦ ਉਸਨੂੰ ਆਪਣੀ ਡਾਇਟ 'ਤੇ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਅਸਲ ਵਿੱਚ, ਜੇ ਖਾਣ-ਪੀਣ ਸਹੀ ਨਹੀਂ ਹੋਵੇਗਾ, ਤਾਂ ਪੱਥਰੀ ਦੁਬਾਰਾ ਵੀ ਬਣ ਸਕਦੀ ਹੈ। ਖ਼ਾਸ ਕਰਕੇ ਤਦ, ਜਦੋਂ ਮਰੀਜ਼ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਫਿਰ ਤੋਂ ਦੁਹਰਾਉਂਦੇ ਹਨ।
ਕਾਰਨ ਕੀ ਹਨ?
ਐਕਸਪਰਟਾਂ ਦੇ ਮੁਤਾਬਕ, ਅਕਸਰ ਲੋਕ ਮੰਨ ਲੈਂਦੇ ਹਨ ਕਿ ਇੱਕ ਵਾਰੀ ਪੱਥਰੀ ਨਿਕਲਣ ਤੋਂ ਬਾਅਦ ਹੁਣ ਸਭ ਕੁਝ ਠੀਕ ਹੈ। ਪਰ ਹਕੀਕਤ ਇਹ ਹੈ ਕਿ ਜੇ ਸਰੀਰ ਵਿੱਚ ਆਕਸਲੇਟ, ਯੂਰਿਕ ਐਸਿਡ ਜਾਂ ਕੈਲਸ਼ੀਅਮ ਦਾ ਅਸੰਤੁਲਨ ਬਣਿਆ ਰਹਿੰਦਾ ਹੈ, ਤਾਂ ਦੁਬਾਰਾ ਪੱਥਰੀ ਬਣਨ ਦੀ ਪੂਰੀ ਸੰਭਾਵਨਾ ਹੁੰਦੀ ਹੈ। ਕਈ ਖਾਣ-ਪੀਣ ਦੀਆਂ ਚੀਜ਼ਾਂ ਇਸ ਅਸੰਤੁਲਨ ਨੂੰ ਹੋਰ ਵਧਾਉਂਦੀਆਂ ਹਨ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਵਿਅਕਤੀ ਆਪਣੇ ਖਾਣ-ਪੀਣ ਬਾਰੇ ਸਚੇਤ ਹੋ ਜਾਵੇ ਅਤੇ ਕੁਝ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦੇਵੇ।
ਪੱਥਰੀ ਨਿਕਲਣ ਤੋਂ ਬਾਅਦ ਕੀ ਨਹੀਂ ਖਾਣਾ ਚਾਹੀਦਾ?
ਜਦੋਂ ਕਿਡਨੀ ਦੀ ਪੱਥਰੀ ਨਿਕਲ ਜਾਂਦੀ ਹੈ, ਤਾਂ ਗੁਰਦੇ ਦੀ ਸਤਹ ਕੁਝ ਸਮੇਂ ਲਈ ਸੰਵੇਦਨਸ਼ੀਲ ਹੋ ਜਾਂਦੀ ਹੈ। ਅਜਿਹੇ ਵਿੱਚ ਸਹੀ ਡਾਇਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਜੋ ਕਿਡਨੀ 'ਤੇ ਵਾਧੂ ਦਬਾਅ ਨਾ ਪਏ ਅਤੇ ਪੱਥਰੀ ਬਣਾਉਣ ਵਾਲੇ ਤੱਤਾਂ (ਮਿਨਰਲਜ਼) ਦੀ ਮਾਤਰਾ ਨਿਯੰਤਰਿਤ ਰਹੇ। ਤੁਹਾਨੂੰ ਹੇਠ ਲਿਖੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ-
ਆਕਸਲੇਟ ਵਾਲੇ ਭੋਜਨ:
ਕੈਲਸ਼ੀਅਮ ਆਕਸਲੇਟ ਪੱਥਰੀ ਸਭ ਤੋਂ ਆਮ ਕਿਸਮ ਦੀ ਪੱਥਰੀ ਹੈ। ਅਜਿਹੇ ਵਿੱਚ ਆਕਸਲੇਟ ਵਾਲੇ ਭੋਜਨ ਜਿਵੇਂ ਪਾਲਕ, ਚੁਕੰਦਰ, ਟਮਾਟਰ, ਮੂੰਗਫਲੀ, ਅਖਰੋਟ, ਚਾਹ, ਕੌਫੀ ਆਦਿ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਤੁਹਾਨੂੰ ਅੰਗੂਰ ਅਤੇ ਸਟ੍ਰਾਬੇਰੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਇਹ ਵੀ ਗੁਰਦੇ ਦੀ ਪੱਥਰੀ ਦੇ ਦੁਬਾਰਾ ਬਣਨ ਦੀ ਸੰਭਾਵਨਾ ਨੂੰ ਵਧਾ ਸਕਦੇ ਹਨ।
ਵਧੇਰੇ ਨਮਕ ਵਾਲਾ ਖਾਣਾ:
ਜ਼ਿਆਦਾ ਨਮਕ ਖਾਣ ਨਾਲ ਕਿਡਨੀ 'ਤੇ ਦਬਾਅ ਪੈਂਦਾ ਹੈ ਅਤੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਪੱਥਰੀ ਬਣਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਪ੍ਰੋਸੈਸਡ ਭੋਜਨ, ਨਮਕੀਨ ਸਨੈਕਸ, ਪਨੀਰ ਅਤੇ ਬਾਹਰ ਦਾ ਤੇਲ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਵਧੇਰੇ ਪ੍ਰੋਟੀਨ ਦਾ ਸੇਵਨ:
ਮਾਸਾਹਾਰੀ ਭੋਜਨ, ਖਾਸ ਕਰਕੇ ਰੈੱਡ ਮੀਟ, ਚਿਕਨ, ਅੰਡੇ ਅਤੇ ਸੀਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਜੋ ਕਿ ਯੂਰਿਕ ਐਸਿਡ ਵਾਲੀ ਪੱਥਰੀ ਬਣਨ ਦਾ ਕਾਰਨ ਬਣ ਸਕਦੀ ਹੈ।
ਮਿਠਾਸ ਵਾਲੀ ਚੀਜ਼ਾਂ:
ਖੰਡ, ਸ਼ੱਕਰ ਅਤੇ ਮਿਠਾਈਆਂ ਦਾ ਵਧੇਰੇ ਸੇਵਨ ਕਰਨ ਨਾਲ ਯੂਰਿਕ ਐਸਿਡ ਵਧ ਜਾਂਦਾ ਹੈ। ਇਸ ਕਾਰਨ, ਅਜਿਹੇ ਭੋਜਨ ਦਾ ਵੀ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ।
ਕੋਲਡ ਡ੍ਰਿੰਕ ਤੇ ਕੈਫੀਨ ਵਾਲੀਆਂ ਡ੍ਰਿੰਕਸ:
ਸੋਡਾ, ਕੋਲਡ ਡ੍ਰਿੰਕ, ਐਨਰਜੀ ਡ੍ਰਿੰਕ ਅਤੇ ਵਧੇਰੇ ਕੈਫੀਨ ਵਾਲੀ ਚਾਹ-ਕੌਫੀ ਤੋਂ ਵੀ ਬਚਣਾ ਚਾਹੀਦਾ ਹੈ। ਇਹ ਇਸ ਕਰਕੇ ਕਿ ਇਹ ਸਰੀਰ ਵਿੱਚ ਪਾਣੀ ਦੀ ਘਾਟ ਪੈਦਾ ਕਰਦੇ ਹਨ ਅਤੇ ਪੱਥਰੀ ਬਣਨ ਦੇ ਖ਼ਤਰੇ ਨੂੰ ਵਧਾਉਂਦੇ ਹਨ।
ਕਿਡਨੀ ਪੱਥਰੀ ਨਿਕਲਣ ਤੋਂ ਬਾਅਦ ਕੀ ਖਾਣਾ ਚਾਹੀਦਾ ਹੈ?
- ਦਿਨ ਭਰ 'ਚ ਘੱਟੋ-ਘੱਟ 3-4 ਲੀਟਰ ਪਾਣੀ ਪੀਓ, ਤਾਂ ਜੋ ਸਰੀਰ ਹਾਈਡਰੇਟ ਰਹੇ ਅਤੇ ਟੌਕਸਿਨਜ਼ ਬਾਹਰ ਨਿਕਲ ਸਕਣ।
- ਤਰਬੂਜ਼, ਸੇਬ, ਕੇਲਾ ਅਤੇ ਗਾਜਰ ਵਰਗੇ ਫਲ-ਸਬਜ਼ੀਆਂ ਸਰੀਰ ਨੂੰ ਹਾਈਡਰੇਟਡ ਰੱਖਦੀਆਂ ਹਨ। ਇਹਨਾਂ ਨੂੰ ਆਪਣੀ ਰੋਜ਼ਾਨਾ ਡਾਇਟ ਵਿੱਚ ਸ਼ਾਮਿਲ ਕਰੋ।
- ਸਾਦਾ ਅਤੇ ਪੌਸ਼ਟਿਕ ਭੋਜਨ ਜਿਵੇਂ ਕਿ ਦਾਲ, ਚਾਵਲ, ਸਬਜ਼ੀਆਂ ਅਤੇ ਸਲਾਦ ਦਾ ਵਧ ਤੋਂ ਵਧ ਸੇਵਨ ਕਰੋ।
- ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਦਹੀਂ, ਪਨੀਰ ਵੀ ਖਾਏ ਜਾ ਸਕਦੇ ਹਨ, ਪਰ ਸਿਰਫ਼ ਥੋੜ੍ਹੀ ਮਾਤਰਾ ਵਿੱਚ।
- ਸਾਬਤ ਅਨਾਜ ਅਤੇ ਫਾਈਬਰ ਵਾਲੇ ਭੋਜਨ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਕਿਡਨੀ ਦੀ ਸਫਾਈ ਵਿੱਚ ਮਦਦਗਾਰ ਹੁੰਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।