ਮਨੁੱਖ ਦੀ ਹੋਣੀ: ਬਹੁਤਿਆਂ ਲਈ ਛੇ ਘੰਟਾ ਸੌਣਾ ਵੀ ਹਰਾਮ!
ਏਬੀਪੀ ਸਾਂਝਾ | 28 Feb 2018 05:10 PM (IST)
ਨਵੀਂ ਦਿੱਲੀ: ਭਾਰਤ 'ਚ ਕਰੀਬ 56 ਫੀਸਦੀ ਕਾਰਪੋਰੇਟ ਕਰਮਚਾਰੀ 6 ਘੰਟੇ ਤੋਂ ਵੀ ਘੱਟ ਨੀਂਦ ਲੈਂਦੇ ਹਨ, ਕਿਉਕਿ ਮਾਲਕ ਵੱਲੋਂ ਦਿੱਤਾ ਗਿਆ ਟੀਚਾ ਉਨ੍ਹਾਂ ਨੂੰ ਬੇਚੈਨ ਰੱਖਦਾ ਹੈ। ਇਸ ਦਾ ਪ੍ਰਭਾਵ ਉਨ੍ਹਾਂ ਦੀ ਨੀਂਦ 'ਤੇ ਪੈਂਦਾ ਹੈ। ਐਸੋਚੈਮ ਹੈਲਥਕੇਅਰ ਕਮੇਟੀ ਦੀ ਰਿਪੋਰਟ 'ਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ, "ਮਾਲਕ ਵੱਲੋਂ ਬੇਮਤਲਬ ਟੀਚੇ ਦੇਣ ਕਾਰਨ ਕਰਮਚਾਰੀਆਂ ਦੀ ਨੀਂਦ ਉੱਡੀ ਰਹਿੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਦਿਨ 'ਚ ਥਕਾਵਟ ਤੇ ਸਰੀਰਕ ਪ੍ਰੇਸ਼ਾਨੀ ਰਹਿੰਦੀ ਹੈ। ਸਰੀਰਕ ਦਰਦ ਤੇ ਮਾਨਸਿਕ ਤਣਾਅ ਕਾਰਨ ਫਿਰ ਕਰਮਚਾਰੀ ਜ਼ਿਆਦਾ ਛੁੱਟੀਆਂ ਕਰਦੇ ਹਨ। ਇਹ ਰਿਪੋਰਟ ਦੱਸਦੀ ਹੈ ਕਿ ਨੀਂਦ ਘਟਾਉਣ ਦੀ ਸਾਲਾਨਾ ਲਾਗਤ $ 150 ਬਿਲੀਅਨ ਹੈ, ਕਿਉਂਕਿ ਇਸ ਨਾਲ ਕੰਮ ਵਾਲੀ ਥਾਂ 'ਤੇ ਉਤਪਾਦਕਤਾ ਘਟ ਜਾਂਦੀ ਹੈ। ਕੰਮ ਦੇ ਦਬਾਅ, ਸਾਥੀਆਂ ਦੇ ਦਬਾਅ ਤੇ ਸਖ਼ਤ ਬੌਸ, ਇਹ ਸਭ ਮਾਨਸਿਕ ਤੇ ਸਰੀਰਕ ਸਿਹਤ ਨੂੰ ਖਰਾਬ ਕਰਦੀਆਂ ਹਨ। ਇਸ ਤੋਂ ਇਲਾਵਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ 46% ਭਾਰਤੀ ਕਰਮਚਾਰੀ ਤਣਾਅ ਦਾ ਸਾਹਮਣਾ ਕਰ ਰਹੇ ਹਨ। ਇਹ ਤਣਾਅ ਨਿੱਜੀ ਕਾਰਨਾਂ, ਆਫਿਸ ਰਾਜਨੀਤੀ ਜਾਂ ਕੰਮ ਦੇ ਬੋਝ ਕਾਰਨ ਹੁੰਦਾ ਹੈ। ਡਾਇਬਟੀਜ਼, ਯੂਰਿਕ ਐਸਿਡ, ਹਾਈ ਬਲੱਡ ਪ੍ਰੈਸ਼ਰ, ਮੋਟਾਪੇ ਤੇ ਕੋਲੇਸਟ੍ਰੋਲ ਸਮੇਤ ਮੈਟਾਬੋਲਿਕ ਸਿੰਡਰੋਮ ਦੇ ਕੇਸ ਵਧ ਰਹੇ ਹਨ। ਰਿਪੋਰਟ ਅਨੁਸਾਰ, ਸਰਵੇਖਣ ਕੀਤੇ ਗਏ 16 ਫੀਸਦੀ ਲੋਕ ਮੋਟਾਪੇ ਤੋਂ ਪੀੜਤ ਸਨ ਤੇ 11 ਫੀਸਦੀ ਡਿਪਰੈਸ਼ਨ ਤੋਂ ਪੀੜਤ ਸਨ। ਵਧੇ ਹੋਏ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਵਾਲੇ ਲੋਕਾਂ ਦੀ ਗਿਣਤੀ 9% ਤੇ 8% ਹੈ। ਅਜਿਹੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਪਾਂਡਿਲੋਸਿਸ (5 ਫੀਸਦੀ), ਦਿਲ ਦੀ ਬੀਮਾਰੀ (4 ਪ੍ਰਤੀਸ਼ਤ), ਬੱਚੇਦਾਨੀ ਦੇ (3 ਫੀਸਦੀ), ਦਮਾ (2.5 ਫੀਸਦੀ), ਸਲਿੱਪ ਡਿਸਕ (2 ਫੀਸਦੀ) ਤੇ ਗਠੀਆ (1 ਫੀਸਦੀ) ਕਾਰਪੋਰੇਟ ਸਟਾਫ ਵਿੱਚ ਆਮ ਰੋਗ ਹੁੰਦਾ ਹੈ।