ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ
World Food Safety Day: ਵਿਸ਼ਵ ਭੋਜਨ ਸੁਰੱਖਿਆ ਦਿਵਸ ਹਰ ਸਾਲ 7 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਭੋਜਨ ਸੁਰੱਖਿਆ (Food Safety) ਦੇ ਮਹੱਤਵ ਨੂੰ ਸਮਝਾਉਣਾ ਹੈ। ਇਸ ਦਿਨ ਦਾ ਮੂਲ ਮਕਸਦ ਇਹ ਹੈ ਕਿ ਲੋਕ ਖਰਾਬ ਭੋਜਨ ਤੋਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਪਛਾਣ ਸਕਣ ਅਤੇ ਸਮਝ ਸਕਣ। ਜੇ ਅਸੀਂ ਇਸ ਦਿਨ ਬਾਰੇ ਥੋੜਾ ਹੋਰ ਵਿਸਥਾਰ ਨਾਲ ਸਮਝੀਏ ਤਾਂ ਭੋਜਨ ਸੁਰੱਖਿਆ ਦੇ ਨਾਲ-ਨਾਲ ਇਹ ਦਿਨ ਸਿਹਤ (Health), ਖੇਤੀਬਾੜੀ (Agriculture), ਬਾਜ਼ਾਰ, ਆਰਥਿਕ ਵਿਕਾਸ ਅਤੇ ਸੈਰ-ਸਪਾਟੇ 'ਤੇ ਵੀ ਜ਼ੋਰ ਦਿੰਦਾ ਹੈ।
ਵਿਸ਼ਵ ਭੋਜਨ ਸੁਰੱਖਿਆ ਦਿਵਸ ਦਾ ਇਤਿਹਾਸ (World Food Safety Day: History)
ਸੰਯੁਕਤ ਰਾਸ਼ਟਰ ਮਹਾਸਭਾ ਨੇ 20 ਦਸੰਬਰ 2018 ਨੂੰ ਫੂਡ ਸੇਫਟੀ ਦਿਵਸ ਮਨਾਉਣ ਦਾ ਫੈਸਲਾ ਕੀਤਾ, ਮਿਤੀ 7 ਜੂਨ ਨਿਰਧਾਰਤ ਕੀਤੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਦੱਸਿਆ ਗਿਆ ਕਿ ਲੋਕਾਂ ਨੂੰ ਸੁਰੱਖਿਅਤ ਭੋਜਨ ਦੇ ਵੱਖ-ਵੱਖ ਫਾਇਦੇ ਸਮਝਾਏ ਜਾ ਸਕਣ। ਪਹਿਲੀ ਵਾਰ, ਵਿਸ਼ਵ ਭੋਜਨ ਸੁਰੱਖਿਆ ਦਿਵਸ 7 ਜੂਨ 2019 ਨੂੰ ਵਿਸ਼ਵ ਭਰ ਵਿੱਚ ਮਨਾਇਆ ਗਿਆ। ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਇਸ ਸਾਲ ਦੀ ਥੀਮ (Theme for World Food Safety Day 2023)
ਵਿਸ਼ਵ ਸਿਹਤ ਸੰਗਠਨ ਹਰ ਸਾਲ ਇਸ ਵਿਸ਼ੇਸ਼ ਦਿਨ ਲਈ ਇੱਕ ਥੀਮ ਨਿਰਧਾਰਤ ਕਰਦਾ ਹੈ। ਸਾਲ 2023, ਭਾਵ ਮੌਜੂਦਾ ਸਾਲ ਲਈ ਥੀਮ 'Food standards save lives' ਹੈ। ਇਸ ਥੀਮ ਰਾਹੀਂ ਲੋਕਾਂ ਨੂੰ ਭੋਜਨ ਲਈ ਨਿਰਧਾਰਤ ਮਾਪਦੰਡਾਂ ਦੀ ਮਹੱਤਤਾ ਨੂੰ ਸਮਝਣਾ ਹੋਵੇਗਾ। ਪਿਛਲੇ ਸਾਲ ਭਾਵ ਸਾਲ 2022 ਲਈ, ਇਹ ਥੀਮ ਸੁਰੱਖਿਅਤ ਭੋਜਨ ਬਿਹਤਰ ਸਿਹਤ ਸੀ।
ਕਿਉਂ ਪਈ ਜ਼ਰੂਰਤ (Why is food safety necessary?)
ਇਸ ਦਿਨ ਨੂੰ ਮਨਾਉਂਦੇ ਹੋਏ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸਮਝਿਆ ਗਿਆ ਕਿ ਕਿਸ ਤਰ੍ਹਾਂ ਖਾਣ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਲੋਕਾਂ ਲਈ ਖਤਰਾ ਬਣ ਰਹੀਆਂ ਹਨ। ਹਰ ਸਾਲ ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ 600 ਮਿਲੀਅਨ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਵਿਚੋਂ 420000 ਦੇ ਕਰੀਬ ਲੋਕ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਦੂਸ਼ਿਤ ਜਾਂ ਅਸੁਰੱਖਿਅਤ ਭੋਜਨ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, ਵਿਸ਼ਵ ਸਿਹਤ ਸੰਗਠਨ, ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਮਨਾਉਣ ਦਾ ਸਾਂਝਾ ਫੈਸਲਾ ਲਿਆ ਹੈ।