ਅਸੀਂ ਸਾਰੇ ਰੋਜ਼ਾਨਾ ਸਬਜ਼ੀਆਂ ਖਾਂਦੇ ਹਾਂ। ਸਬਜ਼ੀਆਂ ਸਾਡੀ ਰੋਜ਼ ਦੀ ਖੁਰਾਕ ਦਾ ਹਿੱਸਾ ਹੁੰਦੀਆਂ ਹਨ ਅਤੇ ਸਿਹਤ ਨੂੰ ਠੀਕ ਰੱਖਣ ਲਈ ਬਹੁਤ ਜ਼ਰੂਰੀ ਵੀ ਹਨ। ਪਰ ਸਬਜ਼ੀਆਂ ਦੀ ਕਟਾਈ ਤੋਂ ਪਹਿਲਾਂ ਉਨ੍ਹਾਂ ‘ਤੇ ਕੀੜੇ ਮਾਰਣ ਵਾਲੀਆਂ ਦਵਾਈਆਂ ਛਿੜਕੀਆਂ ਜਾਂਦੀਆਂ ਹਨ। ਨਾਲ ਹੀ ਸਬਜ਼ੀਆਂ ਵਿੱਚ ਮਿੱਟੀ ਵੀ ਹੁੰਦੀ ਹੈ, ਜਿਸ ਕਰਕੇ ਜੇ ਇਹ ਸਬਜ਼ੀਆਂ ਠੀਕ ਤਰ੍ਹਾਂ ਨਾ ਧੋਈਆਂ ਜਾਣ, ਤਾਂ ਸਰੀਰ ਵਿੱਚ ਕੀਟਾਣੂ ਦਾਖ਼ਲ ਹੋ ਸਕਦੇ ਹਨ। ਅਜਿਹੇ ਵਿੱਚ ਸਬਜ਼ੀਆਂ ਨੂੰ ਠੀਕ ਤਰੀਕੇ ਨਾਲ ਸਾਫ਼ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਗੰਦੀਆਂ ਸਬਜ਼ੀਆਂ ਦਿਮਾਗ ਵਿੱਚ ਕੀੜੇ ਪੈਦਾ ਕਰ ਸਕਦੀਆਂ ਹਨ।
ਦਿਮਾਗ ਦੇ ਕੀੜੇ ਕੀ ਹੁੰਦੇ ਹਨ, ਇਹ ਕਿਵੇਂ ਦਿਖਾਈ ਦਿੰਦੇ ਹਨ, ਅਤੇ ਇਨ੍ਹਾਂ ਤੋਂ ਬਚਣ ਲਈ ਸਬਜ਼ੀਆਂ ਨੂੰ ਕਿਵੇਂ ਧੋਣਾ ਚਾਹੀਦਾ ਹੈ - ਇਹ ਸਭ ਜਾਣਕਾਰੀ AIIMS ਦੀ ਟ੍ਰੇਨਡ ਨਿਊਰੋਲਾਜਿਸਟ ਅਤੇ ਜਨਰਲ ਫਿਜ਼ੀਸ਼ਨ ਡਾ. ਪ੍ਰਿਯੰਕਾ ਸਹਰਾਵਤ ਨੇ ਦਿੱਤੀ ਹੈ। ਆਓ ਜਾਣਦੇ ਹਾਂ ਡਾਕਟਰ ਤੋਂ ਕਿ ਦਿਮਾਗ ਦੇ ਕੀੜਿਆਂ ਤੋਂ ਬਚਣ ਲਈ ਸਬਜ਼ੀਆਂ ਕਿਵੇਂ ਧੋਣੀਆਂ ਚਾਹੀਦੀਆਂ ਹਨ।
ਦਿਮਾਗ ਵਿੱਚ ਕੀੜੇ ਕਿਵੇਂ ਬਣਦੇ ਹਨ:ਦਿਮਾਗ ਦਾ ਕੀੜਾ ਜਿਸਨੂੰ ਨਿਊਰੋਸਿਸਟੀਸਰਕੋਸਿਸ ਕਿਹਾ ਜਾਂਦਾ ਹੈ, ਅਸਲ ਵਿੱਚ ਟੇਨੀਆ ਸੋਲੀਅਮ ਨਾਮ ਦੇ ਕੀੜੇ ਦੇ ਅੰਡਿਆਂ ਕਾਰਨ ਹੁੰਦਾ ਹੈ। ਇਹ ਰੇਂਗਣ ਵਾਲਾ ਕੀੜਾ ਨਹੀਂ ਹੁੰਦਾ, ਸਗੋਂ ਇਸਦੇ ਅੰਡੇ ਮਿੱਟੀ ਵਿੱਚ ਜਾਂ ਮਿੱਟੀ ਵਾਲੀਆਂ ਸਬਜ਼ੀਆਂ - ਜਿਵੇਂ ਪੱਤਾਗੋਭੀ ਆਦਿ - ਵਿੱਚ ਮੌਜੂਦ ਹੁੰਦੇ ਹਨ। ਜਦੋਂ ਇਹ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ, ਤਾਂ ਪੇਟ ਦੇ ਐਸਿਡ ਵੀ ਇਨ੍ਹਾਂ ਅੰਡਿਆਂ ਨੂੰ ਨਹੀਂ ਮਾਰ ਸਕਦੇ, ਅਤੇ ਇਹ ਅੰਤੜੀਆਂ ਰਾਹੀਂ ਦਿਮਾਗ ਵਿੱਚ ਪਹੁੰਚ ਜਾਂਦੇ ਹਨ। ਜਦੋਂ ਇਹ ਅੰਡੇ ਦਿਮਾਗ ਵਿੱਚ ਪਹੁੰਚਦੇ ਹਨ, ਤਾਂ ਉੱਥੇ ਸੋਜ ਪੈਦਾ ਕਰਦੇ ਹਨ ਕਿਉਂਕਿ ਸਰੀਰ ਹਰ ਬਾਹਰੀ ਚੀਜ਼ ਨਾਲ ਪ੍ਰਤੀਕ੍ਰਿਆ ਕਰਦਾ ਹੈ।
ਦਿਮਾਗ ਵਿੱਚ ਇਨ੍ਹਾਂ ਕੀੜਿਆਂ ਦੇ ਅੰਡਿਆਂ ਕਾਰਨ ਦਿਮਾਗ ਵਿੱਚ ਸੋਜ ਹੋ ਜਾਂਦੀ ਹੈ, ਅਤੇ ਇਸ ਸੋਜ ਕਰਕੇ ਸਿਰ ਦਰਦ ਤੇ ਦੌਰੇ ਪੈਣ ਦੀ ਸਮੱਸਿਆ ਹੋ ਸਕਦੀ ਹੈ। ਬੱਚਿਆਂ ਵਿੱਚ ਦੌਰੇ ਪੈਣ ਦਾ ਇੱਕ ਮੁੱਖ ਕਾਰਨ ਨਿਊਰੋਸਿਸਟੀਸਰਕੋਸਿਸ ਹੁੰਦਾ ਹੈ। ਇਨ੍ਹਾਂ ਕੀੜਿਆਂ ਤੋਂ ਬਚਣ ਦਾ ਇਕੋ ਤਰੀਕਾ ਹੈ - ਸਬਜ਼ੀਆਂ ਨੂੰ ਠੀਕ ਤਰ੍ਹਾਂ ਨਾਲ ਧੋ ਕੇ ਹੀ ਵਰਤਿਆ ਜਾਵੇ।
ਦਿਮਾਗ ਦੇ ਕੀੜਿਆਂ ਤੋਂ ਬਚਣ ਲਈ ਸਬਜ਼ੀਆਂ ਕਿਵੇਂ ਧੋਈਆਂ ਜਾਣ
ਦਿਮਾਗ ਵਿੱਚ ਕੀੜੇ ਜਾਣ ਤੋਂ ਬਚਣ ਲਈ ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ ਜਾਣਨਾ ਬਹੁਤ ਜ਼ਰੂਰੀ ਹੈ। ਡਾਕਟਰ ਨੇ ਦੱਸਿਆ ਕਿ ਸਬਜ਼ੀਆਂ ਇਸ ਤਰ੍ਹਾਂ ਧੋਣੀਆਂ ਚਾਹੀਦੀਆਂ ਹਨ-
ਸਬਜ਼ੀਆਂ ਨੂੰ ਟੂਟੀ ਦੇ ਵਹਿੰਦੇ ਪਾਣੀ ਹੇਠ 5 ਮਿੰਟ ਤੱਕ ਚੰਗੀ ਤਰ੍ਹਾਂ ਧੋਵੋ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁੱਕਾ ਕੇ ਹੀ ਸਟੋਰ ਕਰੋ।
ਇੱਕ ਚਮਚ ਬੇਕਿੰਗ ਸੋਡਾ (Baking Soda) ਨੂੰ 2 ਗਿਲਾਸ ਪਾਣੀ ਵਿੱਚ ਮਿਲਾਓ ਅਤੇ ਸਬਜ਼ੀਆਂ ਨੂੰ 5 ਤੋਂ 10 ਮਿੰਟ ਲਈ ਇਸ ਪਾਣੀ ਵਿੱਚ ਭਿੱਜ ਕੇ ਰੱਖੋ। ਫਿਰ ਵਹਿੰਦੇ ਪਾਣੀ ਨਾਲ ਧੋ ਕੇ ਸੁੱਕਾ ਲਓ ਅਤੇ ਸਟੋਰ ਕਰੋ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ:
ਪੱਤਿਆਂ ਵਾਲੀਆਂ ਸਬਜ਼ੀਆਂ ਜਿਵੇਂ ਪੱਤਾਗੋਭੀ ਅਤੇ ਫੁੱਲਗੋਭੀ ਨੂੰ ਖਾਸ ਧਿਆਨ ਨਾਲ ਧੋਵੋ।
ਕੱਚੀਆਂ ਸਬਜ਼ੀਆਂ ਖਾਣ ਤੋਂ ਪਰਹੇਜ਼ ਕਰੋ।
ਬਾਹਰ ਨੂਡਲਜ਼, ਬਰਗਰ ਜਾਂ ਸਲਾਦ ਵਰਗੇ ਖਾਣਿਆਂ ਵਿੱਚ ਕੱਚੀਆਂ ਸਬਜ਼ੀਆਂ ਘੱਟ ਤੋਂ ਘੱਟ ਖਾਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।