Relationship Tips: ਕਿਹਾ ਜਾਂਦਾ ਹੈ ਕਿ ਜੀਵਨ ਲਈ ਵਿਆਹ ਬਹੁਤ ਜ਼ਰੂਰੀ ਹੈ। ਕੁੱਝ ਲੋਕਾਂ ਅਰੇਂਜਡ ਮੈਰਿਜ ਕਰਵਾਉਂਦੇ ਹਨ ਅਤੇ ਕੁੱਝ ਲੋਕ ਜਿਸ ਨਾਲ ਪਿਆਰ ਕਰਦੇ ਹਨ, ਉਸ ਨਾਲ ਲਵ ਮੈਰਿਜ ਕਰਵਾ ਲੈਂਦੇ ਹਨ। ਪਰ ਜਦੋਂ ਵੀ ਕੋਈ ਵਿਅਕਤੀ ਵਿਆਹ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਵਿਚ ਕਈ ਬਦਲਾਅ ਆਉਂਦੇ ਹਨ। ਆਪਣੇ ਸਾਥੀ ਬਾਰੇ ਸੋਚਣਾ, ਉਸ ਦੇ ਨਾਲ ਕਦਮ-ਦਰ-ਕਦਮ ਚੱਲਣਾ ਆਦਿ ਇਹ ਸਾਰੀਆਂ ਗੱਲਾਂ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਹਨ। ਜੇਕਰ ਤੁਸੀਂ ਛੋਟੀ ਜਿਹੀ ਗਲਤੀ ਵੀ ਕਰਦੇ ਹੋ, ਤਾਂ ਇਸਦਾ ਸਿੱਧਾ ਅਸਰ ਤੁਹਾਡੀ ਵਿਆਹੁਤਾ ਜ਼ਿੰਦਗੀ 'ਤੇ ਪੈ ਸਕਦਾ ਹੈ। ਕੁਝ ਅਜਿਹੀਆਂ ਆਦਤਾਂ ਹਨ ਜੋ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੀਆਂ ਹਨ। ਇੰਨਾ ਹੀ ਨਹੀਂ ਇਨ੍ਹਾਂ ਗੱਲਾਂ ਕਾਰਨ ਰਿਸ਼ਤਾ ਵੀ ਟੁੱਟ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਵਿਆਹ ਤੋਂ ਬਾਅਦ ਇਨ੍ਹਾਂ ਆਦਤਾਂ ਨੂੰ ਸੁਧਾਰੋ (Improve these habits after marriage)।



ਪਾਰਟਨਰ 'ਤੇ ਸ਼ੱਕ ਕਰਨਾ
ਕਿਸੇ ਵੀ ਰਿਸ਼ਤੇ 'ਚ ਭਰੋਸਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜੇਕਰ ਤੁਸੀਂ ਆਪਣੇ ਪਾਰਟਨਰ 'ਤੇ ਬੇਵਜ੍ਹਾ ਸ਼ੱਕ ਕਰਦੇ ਹੋ, ਤਾਂ ਸਪੱਸ਼ਟ ਹੈ ਕਿ ਤੁਸੀਂ ਉਨ੍ਹਾਂ 'ਤੇ ਭਰੋਸਾ ਕਰਨ ਦੇ ਯੋਗ ਨਹੀਂ ਹੋ। ਇਸ ਤਰ੍ਹਾਂ ਤੁਹਾਡਾ ਰਿਸ਼ਤਾ ਵਿਗੜ ਸਕਦਾ ਹੈ। ਕਈ ਲੋਕਾਂ ਨੂੰ ਇਹ ਆਦਤ ਪਹਿਲਾਂ ਤੋਂ ਹੀ ਹੁੰਦੀ ਹੈ ਅਤੇ ਵਿਆਹ ਤੋਂ ਬਾਅਦ ਵੀ ਉਹ ਆਪਣੇ ਪਾਰਟਨਰ 'ਤੇ ਸ਼ੱਕ ਕਰਦੇ ਹਨ। ਅਜਿਹਾ ਨਾ ਕਰੋ ਨਹੀਂ ਤਾਂ ਤੁਹਾਡਾ ਰਿਸ਼ਤਾ ਟੁੱਟ ਸਕਦਾ ਹੈ।


ਆਦਰ-ਸਤਿਕਾਰ ਨਾ ਕਰਨ 
ਜਦੋਂ ਦੋ ਵਿਅਕਤੀ ਵਿਆਹ ਦੇ ਪਵਿੱਤਰ ਬੰਧਨ ਵਿੱਚ ਦਾਖਲ ਹੁੰਦੇ ਹਨ, ਤਾਂ ਉਨ੍ਹਾਂ ਨੂੰ ਵਿਸ਼ਵਾਸ ਕਰਨਾ ਪੈਂਦਾ ਹੈ। ਪਰ ਕਈ ਲੋਕਾਂ ਨੂੰ ਪਹਿਲਾਂ ਹੀ ਕਿਸੇ ਨੂੰ ਨਾ ਸਮਝਣ ਅਤੇ ਇੱਜ਼ਤ ਨਾ ਦੇਣ ਦੀ ਆਦਤ ਹੁੰਦੀ ਹੈ ਪਰ ਵਿਆਹ ਤੋਂ ਬਾਅਦ ਤੁਹਾਡੀ ਇਹ ਆਦਤ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕਿ ਆਪਣੇ ਪਾਰਟਨਰ ਦੀ ਦੂਜਿਆਂ ਸਾਹਮਣੇ ਬੇਜ਼ਤੀ ਕਰ ਦਿੰਦੇ ਹਨ। ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹੈ।


ਮਜ਼ਾਕ ਕਰਨ ਦੀ ਗਲਤੀ
ਕਈ ਲੋਕਾਂ ਨੂੰ ਘਰ ਦੇ ਅੰਦਰ ਅਤੇ ਬਾਹਰ ਲੋਕਾਂ ਦਾ ਮਜ਼ਾਕ ਉਡਾਉਣ ਦੀ ਆਦਤ ਹੁੰਦੀ ਹੈ ਪਰ ਵਿਆਹ ਤੋਂ ਬਾਅਦ ਆਪਣੇ ਪਾਰਟਨਰ ਦਾ ਮਜ਼ਾਕ ਉਡਾਉਣ ਦੀ ਗਲਤੀ ਨਾ ਕਰੋ। ਜੇਕਰ ਤੁਹਾਡੀ ਕੋਈ ਅਜਿਹੀ ਆਦਤ ਹੈ ਤਾਂ ਉਸ ਨੂੰ ਸੁਧਾਰੋ। ਨਹੀਂ ਤਾਂ, ਇਸ ਆਦਤ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਪਾਰਟਨਰ ਵਿਚਕਾਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਤੁਹਾਡੇ ਰਿਸ਼ਤੇ 'ਤੇ ਸਿੱਧਾ ਅਸਰ ਪੈ ਸਕਦਾ ਹੈ।


ਸਾਥੀ 'ਤੇ ਗੁੱਸਾ ਕੱਢਣਾ
ਕਈ ਲੋਕ ਆਪਣੇ ਪਾਰਟਨਰ ਦਾ ਖਿਆਲ ਰੱਖਦੇ ਹਨ, ਉਨ੍ਹਾਂ ਨੂੰ ਪਿਆਰ ਕਰਦੇ ਹਨ, ਉਨ੍ਹਾਂ ਦੀ ਹਰ ਛੋਟੀ-ਵੱਡੀ ਗੱਲ ਨੂੰ ਸਵੀਕਾਰ ਕਰਦੇ ਹਨ। ਪਰ ਕਈ ਲੋਕ ਬਿਨਾਂ ਕਿਸੇ ਕਾਰਨ ਆਪਣੇ ਪਾਰਟਨਰ 'ਤੇ ਗੁੱਸੇ ਹੋ ਜਾਂਦੇ ਹਨ ਜਾਂ ਆਫਿਸ ਦਾ ਗੁੱਸਾ ਆਪਣੇ ਪਾਰਟਨਰ 'ਤੇ ਕੱਢ ਲੈਂਦੇ ਹਨ। ਇਸ ਲਈ ਦਫਤਰ ਦਾ ਗੁੱਸਾ ਉੱਥੇ ਹੀ ਛੱਡ ਕੇ ਆਉਣਾ ਚਾਹੀਦਾ ਹੈ। ਆਪਣੀ ਵਿਆਹੁਤਾ ਜ਼ਿੰਦਗੀ ਦੇ ਵਿੱਚ ਅਜਿਹੀ ਕੋਈ ਗਲਤੀ ਬਿਲਕੁਲ ਵੀ ਨਾ ਕਰੋ, ਨਹੀਂ ਤਾਂ ਇਹ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੀ ਹੈ।