Farmers Protest: ਕਿਸਾਨ ਮਜ਼ਦੂਰ ਮੋਰਚਾ (KMM) ਅਤੇ SKM (ਗੈਰ-ਸਿਆਸੀ) ਦੀ ਅਗਵਾਈ ਹੇਠ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨ ਅੰਦੋਲਨ ਨੂੰ ਅੱਜ 46 ਦਿਨ ਹੋ ਗਏ ਹਨ।
ਉੱਥੇ ਹੀ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਅਮਰਜੀਤ ਸਿੰਘ ਮੋਹੜੀ ਦੀ ਅਗਵਾਈ ਹੇਠ ਕਲਸ਼ ਯਾਤਰਾ ਹਰਿਆਣਾ ਦੇ ਪਿੰਡਾਂ ਵਿੱਚ ਅੱਗੇ ਵੱਧ ਰਹੀ ਹੈ ਅਤੇ ਉਸ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ। ਹਰ ਪਿੰਡ ਤੋਂ ਸੈਂਕੜੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਇਸ ਕਲਸ਼ ਯਾਤਰਾ ਦੌਰਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ 31 ਮਾਰਚ ਨੂੰ ਅੰਬਾਲਾ ਦੀ ਸ਼ਾਹਪੁਰ ਮੋਹੜੀ ਅਨਾਜ ਮੰਡੀ ਵਿੱਚ ਹੋਣ ਵਾਲੇ ਸ਼ਰਧਾਂਜਲੀ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
ਉੱਥੇ ਹੀ ਅੱਜ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਕਿਸਾਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਅਤੇ ਹਰਿਆਣਾ ਪੁਲਿਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪਹਿਲਾਂ ਤਾਂ ਨਿਹੱਥੇ ਕਿਸਾਨਾਂ ‘ਤੇ ਫਾਇਰਿੰਗ ਕੀਤੀ ਗਈ, ਜਿਸ ਵਿੱਚ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਅਤੇ ਹੁਣ ਪੁਲਿਸ ਸ਼ਰਧਾਂਜਲੀ ਸਮਾਗਮ ਨੂੰ ਰੋਕਣ ਲਈ ਨੀਚ ਹਰਕਤਾਂ ‘ਤੇ ਉਤਰ ਆਈ ਹੈ।
ਇਹ ਵੀ ਪੜ੍ਹੋ: Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਪੰਜਾਬ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕਿਸਾਨਾਂ ਬਾਰੇ ਪੰਜਾਬ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ। ਕਿਸਾਨ ਆਗੂਆਂ ਨੇ ਹਰਿਆਣਾ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਅਤੇ ਸ਼ਰਧਾਂਜਲੀ ਸਮਾਗਮ ਨੂੰ ਰੋਕਣ ਲਈ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਆਉਣ ਵਾਲੇ ਦਿਨਾਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਜਾਵੇਗੀ।
ਕਿਉਂਕਿ ਹਰਿਆਣਾ-ਪੰਜਾਬ ਦਾ ਕਿਸਾਨ ਕਦੇ ਵੀ ਸਰਕਾਰੀ ਧੱਕੇਸ਼ਾਹੀਆਂ ਅੱਗੇ ਝੁਕਿਆ ਨਹੀਂ ਹੈ ਅਤੇ ਨਾ ਹੀ ਕਦੇ ਝੁਕੇਗਾ। ਇਨ੍ਹਾਂ ਸਾਰੀਆਂ ਕਾਰਵਾਈਆਂ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ, ਕਿਉਂਕਿ ਕਿਸਾਨ, ਨੌਜਵਾਨ ਅਤੇ ਮਜ਼ਦੂਰ ਹੁਣ ਆਪਣੇ ਹੱਕਾਂ ਲਈ ਸਵਾਲ ਚੁੱਕ ਰਹੇ ਹਨ ਕਿ ਉਨ੍ਹਾਂ ਨੇ ਨੌਜਵਾਨਾਂ ਕਿਸਾਨ 'ਤੇ ਗੋਲੀਆਂ ਕਿਉਂ ਚਲਾਈਆਂ, ਜਿਸ ਕਾਰਨ ਸਰਕਾਰ ਪੂਰੀ ਤਰ੍ਹਾਂ ਬੌਖਲਾਈ ਹੋਈ ਹੈ ਅਤੇ ਚੋਣਾਂ ਨੂੰ ਭੁੱਲ ਕੇ ਕਿਸਾਨਾਂ-ਮਜ਼ਦੂਰਾਂ 'ਤੇ ਦਮਨ ਕਰਨ ਲੱਗੀ ਪਈ ਹੈ।
ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਮਾਰਚ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਅੰਬਾਲਾ ਦੀ ਮੋਹੜੀ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਰਕਾਰ ਅਤੇ ਪੁਲਿਸ ਦੀਆਂ ਦਮਨਕਾਰੀ ਨੀਤੀਆਂ ਦਾ ਕਰੜਾ ਜਵਾਬ ਦੇਵੇ।