ਮੁੰਬਈ: ਦੇਸ਼ ਦੀ ਵਪਾਰਕ ਰਾਜਧਾਨੀ ਵਿੱਚ ਇੱਕ ਕਾਰੋਬਾਰੀ ਪਰਿਵਾਰ ਨੇ 240 ਕਰੋੜ ਵਿੱਚ ਚਾਰ ਫਲੈਟ ਖਰੀਦੇ ਹਨ। ਮੁੰਬਈ ਦੀ ਨੇਪੇਨਸੀ ਰੋਡ 'ਤੇ ਬਣਨ ਵਾਲੇ ਰਿਹਾਇਸ਼ੀ ਟਾਵਰ ਵਿੱਚ ਤਪਾੜੀਆ ਪਰਿਵਾਰ ਨੇ ਚਾਰ ਫਲੈਟ ਬੁੱਕ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 240 ਕਰੋੜ ਰੁਪਏ ਹੈ। ਇਸ ਹਿਸਾਬ ਨਾਲ ਹਰ ਫਲੈਟ ਦੀ ਕੀਮਤ 60 ਕਰੋੜ ਰੁਪਏ ਬਣਦੀ ਹੈ। ਦੱਸਿਆ ਜਾ ਰਿਹਾ ਹੈ ਕਿ 28ਵੀਂ ਤੇ 31ਵੀਂ ਮੰਜ਼ਲ ਦੇ ਫਲੈਟ ਲਈ ਇਹ ਸੌਦਾ ਕੀਤਾ ਗਿਆ ਹੈ।

ਇਹ ਫਲੈਟ ਮੁੰਬਈ ਦੇ ਸਭ ਤੋਂ ਮਹਿੰਗੇ ਫਲੈਟਸ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਵਿਆਦ ਤੋਂ ਮੁੰਬਈ ਦੇ ਵਰਲੀ ਇਲਾਕੇ ਵਿੱਚ ਇੱਕ ਲਗ਼ਜ਼ਰੀ ਫਲੈਟ ਖਰੀਦਿਆ ਸੀ, ਜਿਸ ਦਾ ਮੁੱਲ 34 ਕਰੋੜ ਰੁਪਏ ਸੀ। ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਕਿਸੇ ਕਾਰੋਬਾਰੀ ਨੇ ਇੰਨਾ ਮਹਿੰਗਾ ਫਲੈਟ ਖਰੀਦਿਆ ਹੋਵੇ। ਇਸ ਤਰ੍ਹਾਂ ਦੇ ਧਨਾਢਾਂ ਦੀ ਲੰਮੀ ਸੂਚੀ ਹੈ।

ਇਸੇ ਸਾਲ ਸਨਅਤਕਾਰ ਸਾਇਰਸ ਪੂਨਾਵਾਲਾ ਨੇ ਕੈਂਡੀ ਬੀਚ 'ਤੇ 750 ਕਰੋੜ ਰੁਪਏ ਵਿੱਚ ਬੰਗਲਾ ਖਰੀਦਿਆ ਸੀ। ਇਸ ਥਾਂ 'ਤੇ ਪਹਿਲਾਂ ਅਮਰੀਕੀ ਸਫਾਰਤਖਾਨਾ ਹੁੰਦਾ ਸੀ। ਨੇਪੇਨਸੀ ਰੋਡ 'ਤੇ ਹੀ ਪਟਨੀ ਕੰਪਿਊਟਰਜ਼ ਦੇ ਮਾਲਕ ਨੇ ਸਾਲ 2015 ਵਿੱਚ 200 ਕਰੋੜ ਵਿੱਚ ਤਿੰਨ ਮੰਜ਼ਲਾਂ ਹੀ ਖਰੀਦ ਲਈਆਂ ਸਨ।

ਇੱਧਰ ਤਪਾੜੀਆ ਨੇ ਇੱਕ ਲੱਖ ਵੀਹ ਹਜ਼ਾਰ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਇਹ ਸੌਦਾ ਕੀਤਾ ਹੈ। ਫਲੈਟ 4,500 ਵਰਗ ਫੁੱਟ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਤਪਾੜੀਆ ਪਰਿਵਾਰ ਮੁੰਬਈ ਦੇ ਸਿਖਰਲੇ ਕਾਰੋਬਾਰੀਆਂ ਵਿੱਚੋਂ ਇੱਕ ਹੈ। ਤਪਾੜੀਆ ਕੋਲ ਪਹਿਲਾਂ ਗਰਭ ਨਿਰੋਧਕ ਉਤਪਾਦ ਬਣਾਉਣ ਵਾਲੀ ਕੰਪਨੀ ਫੇਮੀ ਕੇਅਰ ਦੀ ਮਲਕੀਅਤ ਸੀ, ਜਿਸ ਨੂੰ ਉਨ੍ਹਾਂ 4,600 ਕਰੋੜ ਰੁਪਏ ਵਿੱਚ ਵੇਚ ਦਿੱਤਾ ਸੀ। ਤਪਾੜੀਆ ਪਰਿਵਾਰ ਮੁੰਬਈ ਦੇ ਸਭ ਤੋਂ ਵੱਡੇ ਕਰਦਾਤਾਵਾਂ ਵਿੱਚੋਂ ਇੱਕ ਹੈ।