ਇਸ ਵਾਰ 20 ਅਪ੍ਰੈਲ 2021 ਨੂੰ ਚੇਤਰ ਨਵਰਾਤਰੇ ਦੀ ਅਸ਼ਟਮੀ ਹੈ। ਇਸ ਦਿਨ ਮੰਦਿਰਾਂ 'ਚ ਹਵਨ ਕੀਤੇ ਜਾਂਦੇ ਹਨ। 21 ਅਪ੍ਰੈਲ ਨੂੰ ਨਵਰਾਤਰੇ ਦੀ ਨਵਮੀ ਹੈ। ਇਸ ਦਿਨ ਕੰਜਕਾਂ ਨੂੰ ਪੂਜਿਆ ਜਾਂਦਾ ਹੈ। 9 ਬੱਚੀਆਂ ਦੇ ਨਾਲ ਇਕ ਲੜਕੇ ਨੂੰ ਪੂਜਾ 'ਚ ਕਿਉਂ ਬਿਠਾਇਆ ਜਾਂਦਾ ਹੈ? ਆਓ ਇਸ ਬਾਰੇ ਜਾਂਦੇ ਹਾਂ। ਮਾਂ ਦੁਰਗਾ ਦੀ ਪੂਜਾ ਦੇ ਨਾਲ ਭੈਰਵ ਦੀ ਪੂਜਾ ਵੀ ਜ਼ਰੂਰੀ ਮੰਨੀ ਜਾਂਦੀ ਹੈ।
ਨਵਰਾਤਰਿਆਂ 'ਚ 9 ਕੁੜੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਅਤੇ ਨਾਲ ਹੀ ਲੜਕੇ ਨੂੰ ਬਟੂਕ ਭੈਰਵ ਦੇ ਰੂਪ 'ਚ ਪੂਜਿਆ ਜਾਂਦਾ ਹੈ। ਕਾਲ ਭੈਰਵ ਦੇ 64 ਰੂਪ ਮੰਨੇ ਜਾਂਦੇ ਹਨ ਜਿਸ 'ਚੋਂ ਬਟੂਕ ਭੈਰਵ ਵੀ ਇਕ ਹੈ। ਇਸ ਤੋਂ ਇਲਾਵਾ ਇਹ ਪੂਜਾ ਲੜਕੇ ਨੂੰ ਬਜਰੰਗਬਲੀ ਦਾ ਰੂਪ ਮੰਨ ਕੇ ਵੀ ਕੀਤੀ ਜਾਂਦੀ ਹੈ। ਇਸੇ ਲਈ ਕੰਜਕਾਂ ਦੇ ਨਾਲ ਬੈਠਕ ਵਾਲੇ ਲੜਕੇ ਨੂੰ ਲਾਂਗੂਰ ਜਾਂ ਲਾਂਗੂਰੀਆ (ਲੈਂਕੜਾ) ਵੀ ਕਿਹਾ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਭੈਰਵ ਦੇ ਦਰਸ਼ਨ ਬਿਨ੍ਹਾਂ ਮਾਤਾ ਰਾਣੀ ਦੇ ਦਰਸ਼ਨ ਅਧੂਰੇ ਮੰਨੇ ਜਾਂਦੇ ਹਨ ਠੀਕ ਉਸੇ ਤਰ੍ਹਾਂ ਲੜਕੇ ਦੀ ਪੂਜਾ ਬਿਨ੍ਹਾ 9 ਕੰਜਕਾਂ ਦੀ ਪੂਜਾ ਵੀ ਅਧੂਰੀ ਮੰਨੀ ਜਾਂਦੀ ਹੈ। ਇਸੇ ਲਈ ਜਿਸ ਤਰ੍ਹਾਂ ਕੰਜਕਾਂ ਦੀ ਪੂਜਾ ਹੁੰਦੀ ਹੈ ਉਸੇ ਤਰ੍ਹਾਂ ਇਕ ਲੜਕੇ ਦੀ ਪੂਜਾ ਵੀ ਜ਼ਰੂਰੀ ਹੁੰਦੀ ਹੈ। ਨਵਰਾਤਰੇ ਸਾਲ 'ਚ ਦੋ ਵਾਰ ਆਉਂਦੇ ਹਨ। ਨਵਰਾਤਰਿਆਂ ਦੀ ਸਮਾਪਤੀ ਵਾਲੇ ਦਿਨ ਕੰਜਕ ਪੂਜਾ ਦਾ ਖ਼ਾਸ ਮਾਇਨਾ ਹੈ। ਇਸ ਸਮੇਂ ਚੇਤਰ ਨਵਰਾਤਰੇ ਚੱਲ ਰਹੇ ਹਨ।