ਨਵੀਂ ਦਿੱਲੀ: ਖਾਣਾ ਮਨੁੱਖ ਦੀ ਬੁਨਿਆਦੀ ਜ਼ਰੂਰਤ ਹੈ ਪਰ ਰੋਜ਼ ਖਾਣਾ ਬਣਾਉਣਾ ਵੀ ਕਦੇ-ਕਦੇ ਸਿਰ ਦਰਦ ਵਰਗਾ ਲੱਗਦਾ ਹੈ। ਖਾਸਕਰ ਕੰਮਕਾਜੀ ਲੋਕਾਂ ਲਈ ਸਮੇਂ ਦੀ ਕਮੀ ਕਾਰਨ ਕਾਫ਼ੀ ਮੁਸ਼ਕਲ ਹੁੰਦੀ ਹੈ, ਪਰ ਹੁਣ ਰੋਬੋਟ ਇਹ ਕੰਮ ਵੀ ਮਿੰਟਾਂ 'ਚ ਕਰ ਦੇਵੇਗਾ। ਇਹ ਰੋਬੋਟ ਬੰਗਲੁਰੂ ਸਥਿੱਤ ਯੂਫੋਟਿਕ ਲੈਬਸ ਨੇ ਤਿਆਰ ਕੀਤਾ ਹੈ।
ਕਿਚਨ ਰੋਬੋਟਿਕਸ ਸਟਾਰਟਅਪ ਨੇ Nosh ਨਾਂ ਤੋਂ ਐਪ-ਸੰਚਾਲਿਤ ਆਟੋਨੋਮਸ ਕੁਕਿੰਗ ਰੋਬੋਟ ਤਿਆਰ ਕੀਤਾ ਹੈ, ਜੋ ਲਗਪਗ 200 ਤੋਂ ਵੱਧ ਪਕਵਾਨ ਜਿਵੇਂ ਕੜ੍ਹਾਹੀ ਪਨੀਰ, ਮਟਰ ਪਨੀਰ, ਚਿਕਨ ਕਰੀ, ਫਿਸ਼ ਕਰੀ, ਗਾਜਰ ਦਾ ਹਲਵਾ, ਆਲੂ ਫਰਾਈ ਆਦਿ ਪਕਾ ਸਕਦਾ ਹੈ, ਉਹ ਵੀ ਤੁਹਾਡੇ ਸੁਆਦ ਮੁਤਾਬਕ।
ਯੂਫੋਟਿਕ ਲੈਬਸ ਸਹਿ-ਸੰਸਥਾਪਕ ਯਤਿਨ ਵਰਾਚੀਆ ਨੇ ਕਿਹਾ, "ਸਾਡਾ ਉਦੇਸ਼ ਜਿਵੇਂ ਤੁਹਾਨੂੰ ਆਪਣੇ ਘਰ 'ਚ ਖਾਣਾ ਖਾਣ ਨੂੰ ਮਿਲਦਾ ਹੈ, ਉਸੇ ਤਰ੍ਹਾਂ ਦੇ ਸੁਆਦ ਦਾ ਅਨੁਭਵ ਕਰਵਾਉਣਾ ਹੈ। ਇਹ ਤੁਹਾਡੀ ਸਿਹਤ ਦਾ ਵੀ ਖਿਆਲ ਰੱਖੇਗਾ ਤੇ ਸਮਾਂ ਵੀ ਬਚਾਏਗਾ।" ਇਹ ਰੋਬੋਟ ਉਨ੍ਹਾਂ ਲੋਕਾਂ ਲਈ ਵਰਦਾਨ ਹੈ, ਜੋ ਸ਼ਹਿਰਾਂ 'ਚ ਰਹਿੰਦੇ ਹਨ ਅਤੇ ਜਿਨ੍ਹਾਂ ਕੋਲ ਆਪਣੇ ਕੰਮਕਾਜ ਕਾਰਨ ਖਾਣਾ ਪਕਾਉਣ ਦਾ ਬਿਲਕੁਲ ਸਮਾਂ ਨਹੀਂ ਰਹਿੰਦਾ।
ਗੁਜਰਾਤ ਦੇ ਇਕ ਛੋਟੇ ਜਿਹੇ ਪਿੰਡ ਕਾਂਤਵਾ ਦੇ ਰਹਿਣ ਵਾਲੇ ਯਤਿਨ ਸਾਲ 2008 'ਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਤੋਂ ਟੈਕਨਾਲੋਜੀ 'ਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਮਗਰੋਂ ਬੰਗਲੁਰੂ ਆਏ ਸਨ। ਉਨ੍ਹਾਂ ਨੂੰ ਉਦੋਂ ਤੋਂ ਹੀ ਘਰ ਤੋਂ ਦੂਰ ਰਹਿਣਾ ਪਿਆ ਤੇ ਬਾਹਰ ਦਾ ਖਾਣਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ। ਵਿਆਹ ਤੋਂ ਬਾਅਦ ਵੀ ਉਹ ਬੰਗਲੁਰੂ 'ਚ ਰਿਹਾ ਤੇ ਘਰ 'ਚ ਪਕਾਇਆ ਖਾਣਾ ਚਾਹੁੰਦਾ ਸੀ ਪਰ ਕੰਮਕਾਜੀ ਜੋੜਾ ਹੋਣ ਕਾਰਨ ਉਨ੍ਹਾਂ ਨੂੰ ਖਾਣਾ ਪਕਾਉਣ ਦਾ ਬਹੁਤ ਘੱਟ ਸਮਾਂ ਮਿਲਦਾ ਸੀ ਤੇ ਜਿਹੜਾ ਖਾਣਾ ਮਿਲਦਾ ਵੀ ਸੀ ਉਸ ਦਾ ਸਵਾਦ ਘਰ ਵਰਗਾ ਨਹੀਂ ਸੀ।
ਯਤਿਨ ਹਮੇਸ਼ਾ ਉਤਪਾਦਾਂ ਦੇ ਵਿਕਾਸ 'ਚ ਦਿਲਚਸਪੀ ਰੱਖਦਾ ਸੀ। ਇਸ ਲਈ ਉਸ ਨੇ ਇੱਕ ਅਜਿਹਾ ਉਤਪਾਦ ਬਣਾਉਣ ਬਾਰੇ ਸੋਚਣਾ ਸ਼ੁਰੂ ਕੀਤਾ ਜੋ ਉਸ ਦੀ ਭੋਜਨ ਸਮੱਸਿਆ ਨੂੰ ਦੂਰ ਕਰ ਸਕੇ। ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਣ ਲਈ ਯਤਿਨ ਨੇ ਬੰਗਲੁਰੂ ਤੇ ਅਮਰੀਕਾ 'ਚ ਰਹਿੰਦੇ ਆਪਣੇ ਦੋਸਤਾਂ ਨਾਲ ਸੰਪਰਕ ਸਾਧਿਆ ਤੇ ਜਾਣਿਆ ਕਿ ਬਹੁਤ ਸਾਰੇ ਲੋਕ ਖਾਣਾ ਪਕਾਉਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।
ਯਤਿਨ ਦੱਸਦੇ ਹਨ, "ਕੁਝ ਲੋਕਾਂ ਨੇ ਰੈਸਟੋਰੈਂਟ ਦਾ ਖਾਣਾ ਖਾਣ ਤੋਂ ਬਾਅਦ ਢਿੱਡ 'ਚ ਗੜਬੜੀ ਦੀ ਸ਼ਿਕਾਇਤ ਕੀਤੀ। ਕੁਝ ਨੇ ਕਿਹਾ ਕਿ ਉਹ ਖਾਣਾ ਡਿਲੀਵਰੀ ਦੀ ਉਡੀਕ ਕਰਨਾ ਪਸੰਦ ਨਹੀਂ ਕਰਦੇ ਹਨ। ਕੁਝ ਨੂੰ ਖਾਣਾ ਪਕਾਉਣ ਤੋਂ ਨਫ਼ਰਤ ਹੈ।"
ਯਤਿਨ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਸਾਲ 2018 ਤੋਂ ਯੂਫੋਟਿਕ ਲੈਬਜ਼ ਦੀ ਸ਼ੁਰੂਆਤ ਕੀਤੀ। ਬਾਅਦ 'ਚ ਪ੍ਰਣਵ ਰਾਵਲ, ਅਮਿਤ ਗੁਪਤਾ ਤੇ ਸੁਦੀਪ ਗੁਪਤਾ ਸਹਿ-ਸੰਸਥਾਪਕ ਵਜੋਂ ਜੁੜ ਗਏ, ਕਿਉਂਕਿ ਉਨ੍ਹਾਂ ਨੇ ਇਸ ਉਤਪਾਦ ਦੀ ਸੰਭਾਵਨਾ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ।
ਰੋਬੋਟ ਦੀ ਵਰਤੋਂ ਕਰਨ ਲਈ ਯੂਜਰ ਨੂੰ ਬਾਕਸ ਦੇ ਆਕਾਰ ਦੇ ਰੋਬੋਟ 'ਚ ਸਮੱਗਰੀ ਪਾਉਣੀ ਹੋਵੇਗੀ - ਜਿਵੇਂ ਪਾਣੀ, ਤੇਲ ਤੇ ਮਸਾਲੇ। ਜਿਹੜੀ ਡਿੱਸ ਬਣਾਉਣੀ ਹੈ, ਉਸ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ ਤੇ ਇਸ ਮਗਰੋਂ ਰੋਬੋਟ ਖਾਣਾ ਪਕਾਉਣਾ ਸ਼ੁਰੂ ਕਰ ਦਿੰਦਾ ਹੈ।
ਅਮਿਤ ਦਾ ਕਹਿਣਾ ਹੈ ਕਿ Nosh ਨੂੰ ਬਣਾਉਣ 'ਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਮੁੱਖ ਵਿਸ਼ੇਸ਼ਤਾ ਹੈ, ਕਿਉਂਕਿ ਰੋਬੋਟ 'ਚ ਇਕ ਏਆਈ-ਸਮਰੱਥ ਕੈਮਰਾ ਫਿੱਟ ਕੀਤਾ ਗਿਆ ਹੈ, ਜਿਸ ਨੂੰ ਇਕ ਲੜੀ 'ਚ ਸਮਗਰੀ ਸ਼ਾਮਲ ਕਰਨ ਲਈ ਪ੍ਰੋਗਰਾਮਡ ਕੀਤਾ ਗਿਆ ਹੈ, ਜਿਵੇਂ ਇਕ ਮਨੁੱਖ ਕਰਦਾ ਹੈ। ਉਦਾਹਰਣ ਵਜੋਂ ਪਿਆਜ਼ ਦੇ ਸੁਨਹਿਰਾ ਭੂਰਾ ਹੋਣ ਤੋਂ ਬਾਅਦ ਹੀ ਹੋਰ ਸਬਜ਼ੀਆਂ ਪਾਈਆਂ ਜਾਂਦੀਆਂ ਹਨ। ਇਹ ਰੋਬੋਟ ਸੁਆਦ ਮੁਤਾਬਕ ਕੰਮ ਕਰਦਾ ਹੈ, ਜਿਵੇਂ ਖਾਣੇ ਨੂੰ ਘੱਟ ਮਸਾਲੇਦਾਰ ਬਣਾਉਣਾ, ਘੱਟ ਨਮਕ ਪਾਉਣਾ ਤੇ ਹੋਰ ਬਹੁਤ ਕੁਝ।
ਇਹ ਵੀ ਪੜ੍ਹੋ: Punajb Lockdown: ਪੰਜਾਬ 'ਚ ਅੱਜ ਮਿਲ ਸਕਦੀ ਲੌਕਡਾਊਨ 'ਚ ਛੋਟ, ਕੋਰੋਨਾ ਕੇਸ ਘਟ ਕੇ 629 ਹੋਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin