ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨਾਲ ਲੜਨ ਲਈ ਇਨ੍ਹਾਂ 2 ਸਾਲਾਂ 'ਚ ਦੁਨੀਆਂ ਭਰ ਦੇ ਵਿਗਿਆਨੀਆਂ ਨੇ ਖਾਣ-ਪੀਣ ਨਾਲ ਜੁੜੀਆਂ ਕਈ ਸਲਾਹਾਂ ਦਿੱਤੀਆਂ ਹਨ। ਹਾਲ ਹੀ 'ਚ ਫਰੰਟੀਅਰਜ਼ ਇਨ ਨਿਊਟ੍ਰੀਸ਼ਨ ਜਰਨਲ 'ਚ ਪ੍ਰਕਾਸ਼ਿਤ ਇੱਕ ਤਾਜ਼ਾ ਖੋਜ 'ਚ ਕਿਹਾ ਗਿਆ ਹੈ ਕਿ ਜੋ ਲੋਕ ਇੱਕ ਹਫ਼ਤੇ 'ਚ 5 ਗਲਾਸ ਜਾਂ ਇਸ ਤੋਂ ਵੱਧ ਰੈੱਡ ਵਾਈਨ ਪੀਂਦੇ ਹਨ, ਉਨ੍ਹਾਂ 'ਚ ਵਾਇਰਸ ਦੇ ਲਾਗ ਦਾ 17% ਘੱਟ ਜ਼ੋਖ਼ਮ ਹੁੰਦਾ ਹੈ।
ਰੈੱਡ ਵਾਈਨ ਕੋਰੋਨਾ ਤੋਂ ਕਿਵੇਂ ਬਚਾਉਂਦੀ?
ਬ੍ਰਿਟਿਸ਼ ਵੈੱਬਸਾਈਟ ਮਿਰਰ ਮੁਤਾਬਕ ਚੀਨ ਦੇ ਸ਼ੇਨਜ਼ੇਨ ਕਾਂਗਿੰਗ ਹਸਪਤਾਲ 'ਚ ਬ੍ਰਿਟਿਸ਼ ਨਾਗਰਿਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕਰਕੇ ਇਹ ਖੋਜ ਤਿਆਰ ਕੀਤੀ ਗਈ ਹੈ। ਇਸ 'ਚ ਵਿਗਿਆਨੀਆਂ ਨੇ ਬ੍ਰਿਟੇਨ ਦੇ ਲੋਕਾਂ ਦੀ ਸ਼ਰਾਬ ਪੀਣ ਦੀਆਂ ਆਦਤਾਂ ਤੇ ਕੋਰੋਨਾ ਹਿਸਟਰੀ ਦਾ ਅਧਿਐਨ ਕੀਤਾ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਰੈੱਡ ਵਾਈਨ 'ਚ ਪੌਲੀਫੇਨੋਲ ਨਾਂ ਦਾ ਮਿਸ਼ਰਣ ਹੁੰਦਾ ਹੈ, ਜੋ ਫਲੂ ਤੇ ਸਾਹ ਦੀਆਂ ਹੋਰ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦਗਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਡਰਿੰਕ ਦਾ ਸੇਵਨ ਕਰਨ ਨਾਲ ਕੋਰੋਨਾ ਲਾਗ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਵ੍ਹਾਈਟ ਵਾਈਨ ਤੇ ਸ਼ੈਂਪੇਨ ਵੀ ਵਾਇਰਸ ਦੇ ਵਿਰੁੱਧ ਪ੍ਰਭਾਵਸ਼ਾਲੀ
ਵਿਗਿਆਨੀਆਂ ਦਾ ਕਹਿਣਾ ਹੈ ਕਿ ਵ੍ਹਾਈਟ ਵਾਈਨ ਅਤੇ ਸ਼ੈਂਪੇਨ ਵਰਗੇ ਪੀਣ ਵਾਲੇ ਪਦਾਰਥ ਵੀ ਸਾਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾ ਸਕਦੇ ਹਨ। ਖੋਜ ਦੇ ਅਨੁਸਾਰ ਜਿਹੜੇ ਲੋਕ ਹਫ਼ਤੇ 'ਚ 1 ਤੋਂ 4 ਗਲਾਸ ਵ੍ਹਾਈਟ ਵਾਈਨ ਜਾਂ ਸ਼ੈਂਪੇਨ ਪੀਂਦੇ ਹਨ, ਉਨ੍ਹਾਂ 'ਚ ਕੋਵਿਡ ਲਾਗ ਦਾ ਜ਼ੋਖ਼ਮ 8% ਤੱਕ ਘੱਟ ਜਾਂਦਾ ਹੈ।
ਕੋਰੋਨਾ 'ਚ ਬੀਅਰ ਤੇ ਸਾਈਡਰ ਪੀਣਾ ਰਿਸਕੀ
ਖੋਜਕਰਤਾਵਾਂ ਦੇ ਅਨੁਸਾਰ ਬੀਅਰ ਅਤੇ ਸਾਈਡਰ ਪੀਣ ਵਾਲਿਆਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਲਗਭਗ 28% ਵੱਧ ਹੁੰਦੀ ਹੈ। ਜੇਕਰ ਤੁਸੀਂ ਹਫ਼ਤੇ 'ਚ ਇਨ੍ਹਾਂ ਵਿੱਚੋਂ 5 ਗਲਾਸ ਜਾਂ ਇਸ ਤੋਂ ਵੱਧ ਡ੍ਰਿੰਕ ਪੀਂਦੇ ਹੋ ਤਾਂ ਹੁਣੇ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿਓ। ਖੋਜ 'ਚ ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਡਬਲ ਅਲਕੋਹਲ ਪੀਂਦੇ ਹਨ, ਉਨ੍ਹਾਂ ਨੂੰ ਵਾਇਰਸ ਨਾਲ ਗ੍ਰਸਤ ਹੋਣ ਦਾ ਖ਼ਤਰਾ ਹਰ ਕਿਸੇ ਨਾਲੋਂ ਵੱਧ ਹੁੰਦਾ ਹੈ। ਇਸ ਲਈ ਵਿਗਿਆਨੀ ਬਹੁਤ ਜ਼ਿਆਦਾ ਸ਼ਰਾਬ ਪੀਣ ਦੀ ਸਿਫ਼ਾਰਿਸ਼ ਨਹੀਂ ਕਰਦੇ ਹਨ।
ਜੇਕਰ ਤੁਸੀਂ ਕੋਰੋਨਾ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰੀ ਵੈਕਸੀਨ
ਕੋਰੋਨਾ ਵਾਇਰਸ ਦੇ ਵਧਦੇ ਲਾਗ ਨੂੰ ਰੋਕਣ ਲਈ ਵੈਕਸੀਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਸਮੇਂ ਭਾਰਤ 'ਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਾਇਰਸ ਦੇ ਵਿਰੁੱਧ ਟੀਕਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ 10 ਜਨਵਰੀ ਤੋਂ ਸਿਹਤ ਮੁਲਾਜ਼ਮਾਂ, ਫ਼ਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਹਨ, ਲਈ ਬੂਸਟਰ ਡੋਜ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਦੇਸ਼ 'ਚ ਇੱਕ ਦਿਨ 'ਚ 3 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਮਿਲੇ
ਦੇਸ਼ 'ਚ ਲਗਾਤਾਰ 5ਵੇਂ ਦਿਨ 3 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ 3 ਲੱਖ 6 ਹਜ਼ਾਰ 64 ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। ਇਸ ਦੌਰਾਨ 2.43 ਲੱਖ ਲੋਕ ਠੀਕ ਹੋਏ ਹਨ, ਜਦਕਿ 439 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਪਿਛਲੇ ਦਿਨ ਦੇ ਮੁਕਾਬਲੇ ਨਵੇਂ ਕੋਰੋਨਾ ਪੀੜ੍ਹਤਾਂ ਦੀ ਗਿਣਤੀ 'ਚ 27,469 ਦੀ ਕਮੀ ਆਈ ਹੈ, ਮਤਲਬ 8.23% ਘੱਟ ਕੇਸ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ: ਚਾਹ ਦੀ ਥਾਂ ਵਰਤੋ ਇਹ 3 ਤਰ੍ਹਾਂ ਦੇ ਕਾੜ੍ਹੇ, ਇਨਫੈਕਸ਼ਨ ਤੋਂ ਬਚਾਏਗਾ ਅਤੇ ਟੈਸਟ ਵੀ ਰਹੇਗਾ ਬਰਕਰਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904