Hemkund sahib yatra 2023: ਲਗਾਤਾਰ ਵਿਗੜ ਰਹੇ ਮੌਸਮ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਵੀ ਪਛੜ ਰਹੀਆਂ ਹਨ। ਇਸ ਵਾਰ 20 ਅਪਰੈਲ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਜੰਮੀ ਬਰਫ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ ਪਰ ਖਰਾਬ ਮੌਸਮ ਕਰਕੇ ਇਹ ਨਹੀਂ ਹੋ ਸਕਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨ ਵੀ ਬਰਫਬਾਰੀ ਹੋ ਸਕਦੀ ਹੈ।


ਹਾਸਲ ਜਾਣਕਾਰੀ ਮੁਤਾਬਕ ਉੱਤਰਾਖੰਡ ਸਥਿਤ 15 ਹਜ਼ਾਰ ਫੁੱਟ ਦੀ ਉਚਾਈ ’ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਇਸ ਦੇ ਆਲੇ-ਦੁਆਲੇ ਤਾਜ਼ਾ ਬਰਫਬਾਰੀ ਹੋਣ ਕਾਰਨ ਗੁਰਦੁਆਰੇ ਦੇ ਆਲੇ-ਦੁਆਲੇ ਤੋਂ ਬਰਫ਼ ਹਟਾਉਣ ਤੇ ਰਸਤੇ ਤਿਆਰ ਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਭਾਰਤੀ ਫੌਜ ਦੇ 418 ਇੰਡੀਪੈਂਡੈਂਟ ਇੰਜਨੀਅਰਜ਼ ਕੋਰ ਦੇ 25 ਜਵਾਨਾਂ ਦਾ ਦਸਤਾ 18 ਅਪਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਤੋਂ ਰਵਾਨਾ ਹੋਇਆ ਸੀ।


ਇਸ ਬਾਰੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਉਤਰਾਖੰਡ ਦੇ ਇਸ ਇਲਾਕੇ ਵਿੱਚ ਮੌਸਮ ਖਰਾਬ ਹੈ ਤੇ ਉੱਚੀਆਂ ਪਹਾੜੀਆਂ ’ਤੇ ਬਰਫਬਾਰੀ ਹੋ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਇਸ ਦੇ ਆਲੇ-ਦੁਆਲੇ ਲਗਪਗ ਢਾਈ ਫੁੱਟ ਤੋਂ ਵੱਧ ਤਾਜ਼ਾ ਬਰਫ਼ ਪੈ ਗਈ ਹੈ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿਚ 8 ਤੋਂ 10 ਫੁੱਟ ਤੱਕ ਬਰਫ ਜੰਮੀ ਹੋਈ ਸੀ।


ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਵਿਖੇ ਵੀ ਤਾਜ਼ਾ ਬਰਫਬਾਰੀ ਹੋਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦਾ ਅਮਲਾ ਤੇ ਭਾਰਤੀ ਫੌਜ ਦੇ ਜਵਾਨਾਂ ਦਾ ਦਸਤਾ ਤਾਜ਼ਾ ਬਰਫਬਾਰੀ ਕਾਰਨ ਇੱਥੇ ਹੀ ਰੁਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇੱਕ ਦੋ ਦਿਨ ਬਾਅਦ ਜਦੋਂ ਮੌਸਮ ਠੀਕ ਹੋਵੇਗਾ ਤਾਂ ਉਸ ਤੋਂ ਬਾਅਦ ਹੀ ਬਰਫ ਹਟਾਉਣ ਤੇ ਰਸਤੇ ਬਣਾਉਣ ਦਾ ਕੰਮ ਸ਼ੁਰੂ ਹੋ ਸਕੇਗਾ। ਇਸ ਤੋਂ ਇਲਾਵਾ ਬਦਰੀਨਾਥ ਧਾਮ ਵਿਖੇ ਵੀ ਤਾਜ਼ਾ ਬਰਫਬਾਰੀ ਹੋਈ ਹੈ। ਇੱਥੇ ਇੱਕ ਤੋਂ ਡੇਢ ਫੁੱਟ ਤੱਕ ਬਰਫ਼ ਪੈਣ ਕਾਰਨ ਸਾਰਾ ਇਲਾਕਾ ਚਿੱਟੀ ਚਾਦਰ ਨਾਲ ਢਕਿਆ ਗਿਆ ਹੈ।


ਇਹ ਵੀ ਪੜ੍ਹੋ: Petrol Diesel Price: ਦੂਜੇ ਦਿਨ ਵੀ ਸਸਤਾ ਹੋਇਆ ਕੱਚਾ ਤੇਲ, NCR 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤਾਜ਼ਾ ਦਰਾਂ


ਦੱਸ ਦਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਸਾਲ 20 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਲਗਪਗ ਇੱਕ ਮਹੀਨਾ ਪਹਿਲਾਂ 20 ਅਪਰੈਲ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਜੰਮੀ ਬਰਫ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ। ਟਰਸਟ ਵੱਲੋਂ ਸਾਲਾਨਾ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਲਈ ਹੋਰ ਵੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।


ਇਹ ਵੀ ਪੜ੍ਹੋ: Raghav Chadha Wedding: 'ਆਪ' ਦੇ ਇੱਕ ਹੋਰ ਲੀਡਰ ਦਾ ਵਿਆਹ, ਰਾਘਵ ਚੱਢਾ ਤੇ ਪਰਿਨੀਤੀ ਚੋਪੜਾ ਦੀ ਬਣੇਗੀ ਜੋੜੀ