Wine News: ਬਾਰਸੀਲੋਨਾ ਯੂਨੀਵਰਸਿਟੀ (barcelona university) ਦੀ ਖੋਜ ਦਰਸਾਉਂਦੀ ਹੈ ਕਿ ਹਰ ਰੋਜ਼ ਇੱਕ ਗਲਾਸ ਵਾਈਨ ਪੀਣ ਨਾਲ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਜ਼ੋਖ਼ਮ ਨੂੰ ਘਟਾਇਆ ਜਾਂਦਾ ਹੈ, ਜਿਸ ਨਾਲ ਡਾਕਟਰ ਕੋਲ ਜਾਣ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ। ਵਾਸਤਵ ਵਿੱਚ ਇੱਕ ਸਪੈਨਿਸ਼ ਖੋਜ ਨੇ ਉਨ੍ਹਾਂ ਲੋਕਾਂ 'ਤੇ ਸ਼ਰਾਬ ਪੀਣ ਦੇ ਪ੍ਰਭਾਵ ਦੀ ਜਾਂਚ ਕੀਤੀ ਜੋ ਦਿਲ ਦੀਆਂ ਸਮੱਸਿਆਵਾਂ ਦੇ ਵਧੇਰੇ ਜ਼ੋਖ਼ਮ ਵਿੱਚ ਸਨ ਤੇ ਮੈਡੀਟੇਰੀਅਨ ਖੁਰਾਕ ਦੀ ਪਾਲਣਾ ਕਰ ਰਹੇ ਸਨ।
ਮੈਡੀਟੇਰੀਅਨ ਡਾਈਟ ਪੌਦਿਆਂ 'ਤੇ ਆਧਾਰਿਤ ਖੁਰਾਕ ਹੈ, ਜੋ ਸਿਹਤ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਇਸ ਵਿੱਚ ਫਲ ਤੇ ਸਬਜ਼ੀਆਂ ਜ਼ਿਆਦਾ ਖਾਧੀਆਂ ਜਾਂਦੀਆਂ ਹਨ ਤੇ ਦੁੱਧ ਤੋਂ ਬਣੇ ਪਦਾਰਥ, ਅੰਡੇ, ਮੀਟ ਜਾਂ ਪ੍ਰੋਸੈਸਡ ਫੂਡ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਇਸ ਖੁਰਾਕ ਵਿੱਚ ਖੰਡ ਜਾਂ ਨਮਕ ਦੀ ਵਰਤੋਂ ਵੀ ਸੀਮਤ ਮਾਤਰਾ ਵਿੱਚ ਕੀਤੀ ਜਾਂਦੀ ਹੈ।
ਖੋਜ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਪ੍ਰਤੀ ਦਿਨ ਅੱਧਾ ਤੋਂ ਇੱਕ ਗਲਾਸ ਰੈੱਡ ਵਾਈਨ ਪੀਂਦੇ ਸਨ, ਉਹਨਾਂ ਵਿੱਚ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ 50 ਘੱਟ ਸੀ, ਉਹਨਾਂ ਲੋਕਾਂ ਦੀ ਤੁਲਨਾ ਵਿੱਚ ਜੋ ਬਹੁਤ ਘੱਟ ਵਾਈਨ ਪੀਂਦੇ ਸਨ ਤੇ ਬਿਲਕੁਲ ਨਹੀਂ ਪੀਂਦੇ ਸਨ।
ਜੇ ਕੋਈ ਵਿਅਕਤੀ ਹਫ਼ਤੇ ਵਿੱਚ ਇੱਕ ਗਲਾਸ ਤੋਂ ਅੱਧਾ ਗਲਾਸ ਪੀਂਦਾ ਹੈ ਤਾਂ ਇਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ 38 ਫੀਸਦੀ ਤੱਕ ਘੱਟ ਗਿਆ।
ਬਾਰਸੀਲੋਨਾ ਯੂਨੀਵਰਸਿਟੀ ਦੇ ਰਿਸਰਚ ਲੀਡਰ ਪ੍ਰੋਫ਼ੈਸਰ ਰੈਮਨ ਐਸਟਰੁਕ ਨੇ ਕਿਹਾ, 'ਸਾਨੂੰ ਹੋਰ ਖੋਜਾਂ ਦੇ ਮੁਕਾਬਲੇ ਅਲਕੋਹਲ ਲਈ ਜ਼ਿਆਦਾ ਸਕਾਰਾਤਮਕ ਨਤੀਜੇ ਮਿਲੇ ਹਨ। ਸਾਨੂੰ ਜ਼ੋਖ਼ਮ ਵਿੱਚ 50 ਪ੍ਰਤੀਸ਼ਤ ਦੀ ਕਮੀ ਮਿਲੀ, ਜੋ ਕਿ ਸਟੈਟਿਨਸ ਵਰਗੀਆਂ ਕੁਝ ਦਵਾਈਆਂ ਦੁਆਰਾ ਪ੍ਰਦਾਨ ਕੀਤੀ ਰਾਹਤ ਨਾਲੋਂ ਬਹੁਤ ਜ਼ਿਆਦਾ ਹੈ।
ਖੋਜ ਵਿੱਚ ਸ਼ਾਮਲ ਲਗਭਗ 1232 ਭਾਗੀਦਾਰ ਮੈਡੀਟੇਰੀਅਨ ਡਾਈਟ ਲੈ ਰਹੇ ਸਨ ਤੇ ਉਹਨਾਂ ਨੂੰ ਟਾਈਪ 2 ਡਾਇਬਟੀਜ਼, ਸਿਗਰਟਨੋਸ਼ੀ ਜਾਂ ਉੱਚ ਕੋਲੇਸਟ੍ਰੋਲ ਸੀ, ਜਿਸ ਨਾਲ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਵਧ ਗਿਆ। ਭਾਗੀਦਾਰਾਂ ਨੂੰ ਉਨ੍ਹਾਂ ਦੀ ਖੁਰਾਕ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਦਾ ਪਿਸ਼ਾਬ ਟੈਸਟ ਕੀਤਾ ਗਿਆ ਜਿਸ ਵਿੱਚ ਟਾਰਟਾਰਿਕ ਐਸਿਡ ਦੇ ਪੱਧਰ ਦੀ ਜਾਂਚ ਕੀਤੀ ਗਈ।
ਇਹ ਰਸਾਇਣ ਅੰਗੂਰ ਅਤੇ ਅੰਗੂਰ ਦੇ ਉਤਪਾਦਾਂ ਜਿਵੇਂ ਕਿ ਵਾਈਨ ਵਿੱਚ ਪਾਇਆ ਜਾਂਦਾ ਹੈ ਤੇ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ। ਖੋਜ ਵਿੱਚ ਸ਼ਾਮਲ ਨਾ ਹੋਣ ਵਾਲੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਸਬੂਤ ਸੀਮਤ ਹਨ ਅਤੇ ਜ਼ਿਆਦਾ ਸ਼ਰਾਬ ਪੀਣਾ ਨੁਕਸਾਨਦੇਹ ਹੋ ਸਕਦਾ ਹੈ।
ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹ ਖੋਜ ਰੈੱਡ ਵਾਈਨ ਅਤੇ ਦਿਲ ਦੀਆਂ ਸਮੱਸਿਆਵਾਂ ਦੇ ਵਿਚਕਾਰ ਇੱਕ ਸਬੰਧ ਦਾ ਸੁਝਾਅ ਦਿੰਦੀ ਹੈ, ਪਰ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕਰਦੀ ਹੈ। ਇਸ ਲਈ ਅਜੇ ਹੋਰ ਖੋਜ ਦੀ ਲੋੜ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦਿਲ ਅਤੇ ਖੂਨ ਸੰਚਾਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਜਿਗਰ ਦੀਆਂ ਸਮੱਸਿਆਵਾਂ ਅਤੇ ਇੱਥੋਂ ਤੱਕ ਕਿ ਕੁਝ ਕਿਸਮਾਂ ਦੇ ਕੈਂਸਰ।