Crime News: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇੱਥੇ IT ਦੀ ਛਾਪੇਮਾਰੀ ਵਿੱਚ 52 ਕਿਲੋ ਸੋਨਾ ਅਤੇ 15 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਰਕਮ ਜੰਗਲ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਬਰਾਮਦ ਕੀਤੀ ਗਈ। ਇੰਨੀ ਵੱਡੀ ਮਾਤਰਾ 'ਚ ਸੋਨਾ ਅਤੇ ਨਕਦੀ ਦੇਖ ਕੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਵੀ ਦੰਗ ਰਹਿ ਗਏ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਭੋਪਾਲ ਨੇੜੇ ਸਥਿਤ ਮੇਂਡੋਰੀ ਦੇ ਜੰਗਲਾਂ 'ਚ ਇੱਕ ਕਾਰ 'ਤੇ ਕੀਤੀ ਗਈ। ਇਸ ਦੌਰਾਨ ਕਾਰ 'ਚੋਂ ਭਾਰੀ ਮਾਤਰਾ 'ਚ ਸੋਨਾ ਅਤੇ ਨਕਦੀ ਬਰਾਮਦ ਹੋਈ। ਭ੍ਰਿਸ਼ਟਾਚਾਰ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਕਾਰਵਾਈ ਕੀਤੀ।
ਆਮਦਨ ਕਰ ਵਿਭਾਗ ਦੀ ਇਸ ਕਾਰਵਾਈ ਵਿੱਚ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਟੀਮ ਸ਼ਾਮਲ ਸੀ। ਇਹ ਛਾਪੇਮਾਰੀ ਲੋਕਾਯੁਕਤ ਤੇ ਆਮਦਨ ਕਰ ਵਿਭਾਗ ਦੀ ਸਾਂਝੀ ਕਾਰਵਾਈ ਦਾ ਹਿੱਸਾ ਸੀ ਜੋ ਦੋ ਦਿਨਾਂ ਤੋਂ ਜਾਰੀ ਸੀ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਭੋਪਾਲ ਤੇ ਇੰਦੌਰ 'ਚ ਇੱਕ ਵੱਡੀ ਕੰਸਟ੍ਰਕਸ਼ਨ ਕੰਪਨੀ ਦੇ 51 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਛਾਪੇਮਾਰੀ ਦੌਰਾਨ ਇੰਨੀ ਵੱਡੀ ਮਾਤਰਾ 'ਚ ਸੋਨਾ ਅਤੇ ਨਕਦੀ ਦੇਖ ਕੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਂਡੋਰੀ ਦੇ ਜੰਗਲਾਂ 'ਚੋਂ ਜ਼ਬਤ ਕੀਤੀ ਗਈ ਕਾਰ 'ਚੋਂ 52 ਕਿਲੋ ਸੋਨੇ ਤੋਂ ਇਲਾਵਾ ਕਰੀਬ 15 ਕਰੋੜ ਰੁਪਏ ਦੀ ਨਕਦੀ ਮਿਲੀ ਹੈ, ਜਿਸ ਨੂੰ ਵਿਭਾਗ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਸੂਤਰਾਂ ਮੁਤਾਬਕ ਇਸ ਮਾਮਲੇ 'ਚ ਉਸਾਰੀ ਕੰਪਨੀ 'ਤੇ ਟੈਕਸ ਚੋਰੀ ਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਵਿਭਾਗ ਨੇ ਇਸ ਸਬੰਧੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਸਬੰਧਤ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਤੋਂ ਬਾਅਦ ਸੂਬੇ 'ਚ ਹਲਚਲ ਮਚ ਗਈ ਹੈ। ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇੰਨੀ ਵੱਡੀ ਨਕਦੀ ਅਤੇ ਸੋਨਾ ਕਿੱਥੋਂ ਆਇਆ ਅਤੇ ਇਸ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ।