ਨਾਗਪੁਰ: ਦੇਸ਼ ਭਰ 'ਚ ਹਰ ਰੋਜ਼ ਸੜਕ ਹਾਦਸਿਆਂ 'ਚ ਲੱਖਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਨਿਯਮਾਂ 'ਚ ਸਖਤੀ ਦੇ ਬਾਵਜੂਦ ਇਹ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਨਾਕਾਮਯਾਬੀ ਨੂੰ ਕਬੂਲਿਆ ਹੈ। ਗਡਕਰੀ ਸੜਕ ਸੁਰੱਖਿਆ ਹਫਤੇ ਸਬੰਧੀ ਸਮਾਗਮ ਮੌਕੇ ਨਾਗਪੁਰ ਪਹੁੰਚੇ ਸਨ। ਜਿੱਥੇ ਉਨ੍ਹਾਂ ਕਿਹਾ ਕਿ ਦੇਸ਼ 'ਚ ਹਰ ਸਾਲ ਪੰਜ ਲੱਖ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ 'ਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਰੀਬ ਢਾਈ ਤੋਂ ਤਿੰਨ ਲੱਖ ਲੋਕ ਜ਼ਖਮੀ ਹੋ ਜਾਂਦੇ ਹਨ। ਇਸ ਕਾਰਨ ਦੇਸ਼ ਦਾ ਜੀਡੀਪੀ ਨੁਕਸਾਨ ਦੋ ਫੀਸਦੀ ਬਣਦਾ ਹੈ।
ਇਸ ਤੋਂ ਇਲਾਵਾ ਸੜਕ ਹਾਦਸਿਆਂ ਦੇ 62 ਫੀਸਦੀ ਮ੍ਰਿਤਕ 18-35 ਸਾਲ ਉਮਰ ਵਰਗ ਦੇ ਹੁੰਦੇ ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਕਈ ਕਦਮ ਚੁੱਕਣ ਦੇ ਬਾਵਜੂਦ ਵੀ ਉਨ੍ਹਾਂ ਦਾ ਮੰਤਰਾਲਾ ਹਾਦਸਿਆਂ ਦੀ ਗਿਣਤੀ ਨਹੀਂ ਘਟਾ ਸਕਿਆ।
ਇਸ ਦੇ ਨਾਲ ਹੀ ਗਡਕਰੀ ਨੇ ਤਾਮਿਲਨਾਡੂ ਸਰਕਾਰ ਦੀ ਸ਼ਲਾਘਾ ਕੀਤੀ, ਜੋ ਸੜਕ ਹਾਦਸਿਆਂ ਦੀ ਗਿਣਤੀ 29 ਫੀਸਦ ਤੱਕ ਤੇ ਮੌਤਾਂ ਦੀ ਗਿਣਤੀ 30 ਫੀਸਦ ਤੱਕ ਘਟਾਉਣ 'ਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਤੇ ਪੁਲਿਸ, ਐਨਜੀਓ ਤੇ ਹੋਰ ਸੰਸਥਾਂਵਾਂ ਵੱਲੋਂ ਇੱਕਮੁੱਠ ਹੋ ਕੇ ਕੀਤੀਆਂ ਕੋਸ਼ਿਸ਼ਾਂ ਨਾਲ ਹੀ ਸੜਕ ਹਾਦਸਿਆਂ ਦੀ ਗਿਣਤੀ ਘੱਟ ਸਕਦੀ ਹੈ।