ਨਵੀਂ ਦਿੱਲੀ: ਕੌਮੀ ਰਾਜਧਾਨੀ ਖੇਤਰ ਦੇ ਸਭ ਤੋਂ ਲੰਮੇਰੀ ਉਮਰ ਵਾਲਾ ਕੋਰੋਨਾ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੈ। ਡਾਕਟਰਾਂ ਨੇ 106 ਸਾਲਾ ਮੁਖ਼ਤਾਰ ਅਹਿਮਦ ਨੂੰ ਕੋਰੋਨਾ ਮੁਕਤ ਐਲਾਨ ਦਿੱਤਾ ਹੈ। ਅਹਿਮਦ ਦੇਸ਼ ਵਿੱਚ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹਨ, ਜਿਨ੍ਹਾਂ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ।


ਕੇਂਦਰੀ ਦਿੱਲੀ ਦੇ ਨਵਾਬਗੰਜ ਇਲਾਕੇ ਦੇ ਰਹਿਣ ਵਾਲੇ ਮੁਖ਼ਤਾਰ ਅਹਿਮਦ ਨੂੰ ਬੀਤੀ 14 ਅਪ੍ਰੈਲ ਨੂੰ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਪਹਿਲੀ ਮਈ ਤੋਂ ਸਿਹਤਯਾਬ ਹੋ ਗਏ ਸਨ। ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾ. ਬੀਐਲ ਸ਼ੇਰਵਲ ਨੇ ਮੀਡੀਆ ਨੂੰ ਦੱਸਿਆ ਕਿ ਮੁਖ਼ਤਾਰ ਅਹਿਮਦ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਕੋਰੋਨਾ ਨੂੰ ਹਰਾਉਣਾ ਬੇਹੱਦ ਪ੍ਰੇਰਨਾਦਾਇਕ ਹੈ।

ਉਨ੍ਹਾਂ ਦੱਸਿਆ ਕਿ ਅਹਿਮਦ ਦਾ ਇਲਾਜ ਕਰਨ ਵਾਲੇ ਹਰ ਡਾਕਟਰ ਨੇ ਇਹ ਨੋਟਿਸ ਕੀਤਾ ਕਿ ਕੋਰੋਨਾ ਨੂੰ ਹਰਾਉਣ ਲਈ ਉਨ੍ਹਾਂ ਅੰਦਰ ਇੱਕ ਦ੍ਰਿੜ ਇਰਾਦਾ ਸੀ ਅਤੇ ਯਕੀਨਨ ਇਸ ਦਾ ਫਾਇਦਾ ਮਿਲਿਆ ਹੈ। ਉਨ੍ਹਾਂ ਦੇਸ਼ ਵਿੱਚ ਕੋਰੋਨਾ ਪੀੜਤਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਬੇਸ਼ੱਕ ਉਹ ਪੂਰੀ ਤਰ੍ਹਾਂ ਠੀਕ ਹਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਕੇਰਲ ਦੇ ਥੋਮਸ (93 ਸਾਲ) ਤੇ ਮਰੀਅਮ (88 ਸਾਲ) ਕੋਰੋਨਾ ਵਾਇਰਸ ਨੂੰ ਹਰਾਉਣ ਵਾਲੇ ਸਭ ਤੋਂ ਵਡੇਰੀ ਉਮਰ ਦੇ ਵਿਅਕਤੀ ਸਨ। ਉਨ੍ਹਾਂ ਨੇ ਵੀ ਵਾਇਰਸ ਦਾ ਦਲੇਰੀ ਨਾਲ ਟਾਕਰਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ। ਡਾਕਟਰਾਂ ਨੇ ਸਭਨਾਂ ਨੂੰ ਅਜਿਹਾ ਹੀ ਸੰਕਲਪ ਰੱਖਣ ਦੀ ਸਲਾਹ ਦਿੱਤੀ ਹੈ।