ਗੁਰਦਾਸਪੁਰ: ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ 'ਚ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬੁਲਾ ਕੇ ਪੇਪਰ ਲਏ ਜਾ ਰਹੇ ਸੀ। ਪਰ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਅਨੁਸਾਰ ਕੋਵਿਡ-19 ਕਰਕੇ 10 ਅਪ੍ਰੈਲ ਤਕ ਸਕੂਲ ਪੁਰੀ ਤਰ੍ਹਾਂ ਬੰਦ ਕੀਤੇ ਗਏ ਹਨ। ਪ੍ਰਾਈਵੇਟ ਸਕੂਲ ਸਰਕਾਰ ਦੀਆਂ ਹਿਦਾਇਤਾਂ ਨੂੰ ਨਾ ਮੰਨਦੇ ਹੋਏ, ਕੋਵਿਡ-19 ਦੀਆਂ ਧੱਜੀਆਂ ਉਡਾ ਰਹੇ ਹਨ।
ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਿਰਫ 10ਵੀਂ ਦੇ ਇਕ ਸੈਕਸ਼ਨ ਨੂੰ ਬੁਲਾ ਕੇ ਪੇਪਰ ਲੈ ਜਾ ਰਹੇ ਹਨ। ਕੋਵਿਡ-19 ਦੇ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ, ਪਰ ਜਦੋਂ ਪ੍ਰਿੰਸੀਪਲ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਨੇ ਸਕੂਲ ਪੁਰੀ ਤਰ੍ਹਾਂ ਬੰਦ ਕੀਤੇ ਹਨ ਤੇ ਇਸ ਉਪਰ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੋਈ ਇਕੱਠ ਨਹੀਂ ਕੀਤਾ ਹੈ।
ਉਹ ਕਿਹਾ ਬੱਚਿਆਂ ਨੂੰ ਥੋੜੀ ਦੇਰ ਵਾਸਤੇ ਬੁਲਾਇਆ ਗਿਆ ਹੈ ਅਤੇ ਕੱਲ੍ਹ ਤੋਂ ਬੱਚਿਆਂ ਦੇ ਆਨਲਾਈਨ ਪੇਪਰ ਸ਼ੁਰੂ ਕੀਤੇ ਜਾਣਗੇ। ਬੱਚਿਆਂ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਬਿਠਾਇਆ ਗਿਆ ਹੈ ਅਤੇ ਥੋੜੀ ਦੇਰ ਬਾਦ ਉਨ੍ਹਾਂ ਨੂੰ ਵਾਪਿਸ ਭੇਜ ਦਿਤਾ ਜਾਵੇਗਾ। ਗੁਰਦਾਸਪੁਰ ਦੇ ਡੀਈਓ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਉਨ੍ਹਾਂ ਇਸ ਦੀ ਰਿਪੋਰਟ ਬਣਾ ਲਈ ਹੈ ਅਤੇ ਹੁਣ ਇਸ ਸਕੂਲ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਧਰ ਭਾਰਤ ’ਚ ਜਿਸ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਹ ਚਿੰਤਾਜਨਕ ਹੈ। ਹਾਲਾਤ ਸਾਲ 2020 ਵਾਲੇ ਹੋ ਗਏ ਹਨ। ਸਭ ਤੋਂ ਵੱਧ ਚਿੰਤਾਜਨਕ ਹਾਲਤ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਤੇ ਪੰਜਾਬ ’ਚ ਹੈ। ਉਂਝ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ, ਕਰਨਾਟਕ ਅਤੇ ਛੱਤੀਸਗੜ੍ਹ ’ਚ ਹਨ। ਇਨ੍ਹਾਂ ਰਾਜਾਂ ਦੇ 15 ਜ਼ਿਲ੍ਹਿਆਂ ’ਚ ਸਭ ਤੋਂ ਵੱਧ ਐਕਟਿਵ ਕੇਸ ਹਨ।
ਭਾਰਤ ’ਚ ਪਿਛਲੇ 24 ਘੰਟਿਆਂ ’ਚ 93,249 ਨਵੇਂ ਮਾਮਲੇ ਰਿਪੋਰਟ ਹੋਏ ਤੇ 513 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ 1,24,85,509 ਹੋ ਗਈ ਹੈ। ਇਸ ਲਾਗ ਕਾਰਣ ਹੁਣ ਤੱਕ 1,64,623 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। 1,16,29,289 ਵਿਅਕਤੀ ਇਸ ਵਾਇਰਸ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ।