ਮਹਿਤਾਬ-ਉਦ-ਦੀਨ


ਚੰਡੀਗੜ੍ਹ: ਮਨਦੀਪ ਕੌਰ ਨੂੰ ਨਿਊਜ਼ੀਲੈਂਡ ’ਚ ਜਾ ਕੇ ਅਜਿਹੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ, ਜਿਨ੍ਹਾਂ ਦਾ ਜਨਮ ਭਾਰਤ ’ਚ ਹੋਇਆ ਹੈ। ਉਨ੍ਹਾਂ ਨੂੰ ਮਾਰਚ ਮਹੀਨੇ ਦੌਰਾਨ ਤਰੱਕੀ ਦੇ ਕੇ ਸੀਨੀਅਰ ਸਾਰਜੈਂਟ ਨਿਯੁਕਤ ਕੀਤਾ ਗਿਆ ਹੈ।


 


ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਆਂਦਰੀਆ ਕੋਸਟਰ ਨੇ ਵੇਲਿੰਗਟਨ ’ਚ ਇੱਕ ਸਮਾਰੋਹ ਦੌਰਾਨ ਬੈਜ ਲਾ ਕੇ ਮਨਦੀਪ ਕੌਰ ਨੂੰ ਤਰੱਕੀ ਦਾ ਮਾਣ ਬਖ਼ਸ਼ਿਆ। ਨਿਊਜ਼ੀਲੈਂਡ ਦੇ ਇੱਕ ਸਥਾਨਕ ਮੀਡੀਆ ਆਊਟਲੈੱਟ ਅਨੁਸਾਰ 52 ਸਾਲਾ ਮਨਦੀਪ ਕੌਰ ਨੇ ਆਪਣਾ ਕਰੀਅਰ 17 ਵਰ੍ਹੇ ਪਹਿਲਾਂ ਸ਼ੁਰੂ ਕੀਤਾ ਸੀ, ਜਦੋਂ ਉਹ 2004 ਦੌਰਾਨ ਪੁਲਿਸ ’ਚ ਭਰਤੀ ਹੋਏ ਸਨ।



ਉਸ ਤੋਂ ਬਾਅਦ ਮਨਦੀਪ ਕੌਰ ਹੁਰਾਂ ਨੇ ਪਿੱਛੇ ਮੁੜ ਕੇ ਨਹੀਂ ਤੱਕਿਆ। ਹੁਣ ਉਹ ਅਨੇਕ ਭਾਰਤੀਆਂ ਲਈ ਪ੍ਰੇਰਨਾ ਸਰੋਤ ਹਨ। ਨਿਊ ਜ਼ੀਲੈਂਡ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਨੇ ਦੱਸਿਆ ਹੈ ਕਿ ਮਨਦੀਪ ਕੌਰ ਨਿਊ ਜ਼ੀਲੈਂਡ ’ਚ ਪੁਲਿਸ ਅਧਿਕਾਰੀ ਬਣਨ ਵਾਲੀ ਅਜਿਹੀ ਪਹਿਲੀ ਮਹਿਲਾ ਹਨ, ਜਿਨ੍ਹਾਂ ਦਾ ਜਨਮ ਭਾਰਤ ’ਚ ਹੋਇਆ ਹੈ। ਭਰਤੀ ਵੇਲੇ ਉਨ੍ਹਾਂ ਦੇ ਰਾਹ ਵਿੱਚ ਕਈ ਤਰ੍ਹਾਂ ਦੇ ਨਿਜੀ ਤੇ ਸਭਿਆਚਾਰਕ ਅੜਿੱਕੇ ਵਿਖਾਈ ਦਿੰਦੇ ਸਨ। ਜਿਵੇਂ ਉਨ੍ਹਾਂ ਦੇ ਦੋ ਬੱਚੇ ਤਦ ਛੋਟੇ ਸਨ ਪਰ ਉਨ੍ਹਾਂ ਬਹੁਤ ਬਹਾਦਰੀ ਨਾਲ ਅਜਿਹੇ ਸਾਰੇ ਅੜਿੱਕਿਆਂ ਦਾ ਸਾਹਮਣਾ ਕੀਤਾ ਹੈ।


 


ਦੱਸ ਦੇਈਏ ਕਿ ਮਨਦੀਪ ਕੌਰ ਦਾ ਜ਼ਿਆਦਾਤਰ ਸਮਾਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਬੀਤਿਆ ਹੈ। ਉਹ ਕੁਝ ਸਮਾਂ ਆਸਟ੍ਰੇਲੀਆ ਵਿੱਚ ਵੀ ਰਹੇ ਹਨ; ਜਿੱਥੇ ਉਹ 26 ਸਾਲ ਦੀ ਉਮਰ ’ਚ ਆ ਗਏ ਸਨ। ਮਨਦੀਪ ਕੌਰ ਨੇ ਟੈਕਸੀ ਡਰਾਇਵਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਰੋਡ ਪੁਲਿਸਿੰਗ, ਪਰਿਵਾਰਕ ਹਿੰਸਾ, ਜਾਂਚ ਸਹਾਇਤਾ, ਨੇਬਰਹੁੱਡ ਪੁਲਿਸਿੰਗ ਤੇ ਕਮਿਊਨਿਟੀ ਪੁਲਿਸੰਗ ਵਿੱਚ ਉਨ੍ਹਾਂ ਦਾ ਇੱਕ ਨਾਂਅ ਹੈ। ਰੀਪਬਲਿਕ ਵਰਲਡ ਦੀ ਰਿਪੋਰਟ ਅਨੁਸਾਰ ਮਨਦੀਪ ਕੌਰ ਹੁਰਾਂ ਦੱਸਿਆ ਕਿ ਉਹ ਰੋਜ਼ਾਨਾ ਗੁਰੂਘਰ ’ਚ ਮੱਥਾ ਟੇਕਣ ਜਾਂਦੇ ਹਨ।