ਰਾਏਪੁਰ (ਛੱਤੀਸਗੜ੍ਹ): ਛੱਤੀਸਗੜ੍ਹ ਦੇ ਬੀਜਾਪੁਰ ’ਚ ਇਸ ਵਰ੍ਹੇ ਦਾ ਸਭ ਤੋਂ ਵੱਡਾ ਨਕਸਲੀ ਹਮਲਾ ਹੋਇਆ ਹੈ। ਹੁਣ ਤੱਕ 22 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇੱਕ ਜਵਾਨ ਹਾਲੇ ਵੀ ਲਾਪਤਾ ਹੈ। ਇਸ ਹਮਲੇ ’ਚ ਕੁੱਲ 32 ਜਵਾਨ ਜ਼ਖ਼ਮੀ ਵੀ ਹੋਏ ਹਨ।



 
ਸੂਤਰਾਂ ਅਨੁਸਾਰ ਇਸ ਹਮਲੇ ਪਿੱਛੇ ਗ਼ਲਤ ਖ਼ੁਫ਼ੀਆ ਜਾਣਕਾਰੀ ਦਾ ਹੋਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਨਕਸਲੀਆਂ ਦੇ ਦੋ ਵੱਡੇ ਕਮਾਂਡਰ ਮਾਡਵੀ ਹਿਡਮਾ ਤੇ ਉਸ ਦੀ ਸਹਿਯੋਗੀ ਸੁਜਾਤਾ ਬੀਜਾਪੁਰ ਦੇ ਤਰੇਮ ਇਲਾਕੇ ’ਚ ਜੋਨਾਗੁੜਾ ਪਹਾੜੀਆਂ ਕੋਲ ਕਿਤੇ ਲੁਕੇ ਹੋਏ ਹਨ।

 

ਇਸ ਜਾਣਕਾਰੀ ਦੇ ਆਧਾਰ ਉੱਤੇ ਸ਼ੁੱਕਰਵਾਰ ਦੀ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕੋਬਰਾ ਬਟਾਲੀਅਨ, ਡੀਆਰਜੀ ਤੇ ਐੱਸਟੀਐੱਫ਼ ਦੀ ਸਾਂਝੀ ਟੀਮ ਨੂੰ ਨਕਸਲੀ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ।

 

ਇਸ ਮੁਹਿੰਮ ’ਚ ਬੀਜਾਪੁਰ ਜ਼ਿਲ੍ਹੇ ਦੇ ਤਰੇਮ, ਉਸੂਰ, ਸੁਕਮਾ ਜ਼ਿਲ੍ਹੇ ਦੇ ਮਿਨਪਾ ਤੇ ਨਰਸਾਪੁਰਮ ਤੋਂ ਲਗਭਗ ਦੋ ਹਜ਼ਾਰ ਜਵਾਨ ਸ਼ਾਮਲ ਸਨ। ਸੂਤਰਾਂ ਅਨੁਸਾਰ ਸੁਰੱਖਿਆ ਬਲਾਂ ਨੂੰ ਮਿਲੀ ਨਕਸਲੀਆਂ ਦੇ ਲੁਕੇ ਹੋਣ ਬਾਰੇ ਜਾਣਕਾਰੀ ਇੱਕ ਜਾਲ਼ ਸਿੱਧ ਹੋਈ।

 

ਸੂਤਰਾਂ ਅਨੁਸਾਰ ਖ਼ੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ ਸੁਰੱਖਿਆ ਬਲ ਜਦੋਂ ਸੁਰਾਗ਼ ਵਾਲੀ ਥਾਂ ਉੱਤੇ ਪੁੱਜੇ, ਤਾਂ ਲਗਭਗ 400 ਨਕਸਲੀਆਂ ਨੇ ਉਨ੍ਹਾਂ ਨੂੰ ਤਿੰਨ ਪਾਸਿਓਂ ਘੇਰ ਲਿਆ। ਉੱਥੇ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਜ਼ੋਰਦਾਰ ਮੁਕਾਬਲਾ ਹੋਇਆ।

 

ਸੁਰੱਖਿਆ ਬਲਾਂ ਨੇ ਵੀ ਬਹਾਦਰੀ ਦਾ ਸਬੂਤ ਦਿੰਦਿਆਂ ਜ਼ੋਰਦਾਰ ਪਲਟਵਾਂ ਹਮਲਾ ਕੀਤਾ। ਪਰ ਜੰਗਲ ਦੇ ਹਾਲਾਤ ਦਾ ਫ਼ਾਇਦਾ ਨਕਸਲੀਆਂ ਨੂੰ ਮਿਲਿਆ ਤੇ ਸੁਰੱਖਿਆ ਬਲਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਅਧਿਕਾਰੀਆਂ ਅਨੁਸਾਰ ਨਕਸਲੀਆਂ ਨੇ ਅੰਗਰੇਜ਼ੀ ਦੇ U ਅੱਖਰ ਵਿੱਚ ਤਿੰਨ ਪਾਸਿਓਂ ਸੁਰੱਖਿਆ ਬਲਾਂ ਉੱਤੇ ਹਮਲਾ ਬੋਲ ਦਿੱਤਾ ਸੀ।

 

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਸੀਆਰਪੀਐੱਫ਼ ਦੇ ਡੀਜੀ ਕੁਲਦੀਪ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਖ਼ੁਫ਼ੀਆ ਪ੍ਰਣਾਲੀ ਦੀ ਨਾਕਾਮੀ ਤੋਂ ਇਨਕਾਰ ਕੀਤਾ ਹੈ। ਇਹ ਆਖਣ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਹਮਲੇ ’ਚ ਖ਼ੁਫ਼ੀਆ ਪ੍ਰਣਾਲੀ ਦੀ ਕਿਸੇ ਤਰ੍ਹਾਂ ਦੀ ਨਾਕਾਮੀ ਸੀ। ਜੇ ਇਹ ਜਾਣਕਾਰੀ ਗ਼ਲਤ ਹੁੰਦੀ, ਤਾਂ ਇੰਨੇ ਨਕਸਲੀ ਵੀ ਕਦੇ ਨਾ ਮਾਰੇ ਜਾਂਦੇ।


 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ