ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਦਾ ਸਭ ਤੋਂ ਠੰਡਾ ਦਿਨ ਰਿਹਾ। ਇਸ ਸੀਜ਼ਨ ‘ਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਹੁਸ਼ਿਆਰਪੁਰ ‘ਚ ਪਾਰਾ ਠੰਢੀਆਂ ਹਵਾਵਾਂ ਤੇ ਕੋਹਰੇ ਕਰਕੇ ਤਾਪਮਾਨ -0.1 ਡਿਗਰੀ ਤਕ ਡਿੱਗ ਗਿਆ। ਫਰੀਦਕੋਟ ਜ਼ਿਲ੍ਹੇ ‘ਚ ਵੀ ਘੱਟੋ ਘੱਟ ਤਾਪਮਾਨ 0.7 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ ਦਸੰਬਰ 2015 ‘ਚ ਪਾਰਾ 8 ਡਿਗਰੀ ਤਕ ਰਿਹਾ ਹੈ।


ਸੋਮਵਾਰ ਨੂੰ ਉਹ ਰਿਕਾਰਡ ਵੀ ਟੁੱਟ ਗਿਆ। ਇੱਥੇ ਤਾਪਮਾਨ 7.5 ਡਿਗਰੀ ਰਿਹਾ। ਬਰਫੀਲੀ ਹਵਾਵਾਂ ਦੀ ਮਾਰ ਤੇ ਧੁੰਦ ਕਰਕੇ ਹਾਦਸਿਆਂ ‘ਚ 12 ਲੋਕਾਂ ਦੀ ਮੌਤ ਹੋ ਗਈ। ਠੰਢ ਕਰਕੇ ਜਲੰਧਰ, ਲੁਧਿਆਣਾ ‘ਚ ਦੋ-ਦੋ ਤੇ ਮੋਗਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਫਿਰੋਜ਼ਪੁਰ, ਲੁਧਿਆਣਾ ਤੇ ਮਮਦੋਟ ‘ਚ ਧੁੰਦ ਕਰਕੇ ਵੱਖ-ਵੱਖ ਹਾਦਸਿਆਂ ‘ਚ ਸੱਤ ਵਿਅਕਤੀਆਂ ਦੀ ਮੌਤ ਹੋਈ ਹੈ।

ਸੂਬੇ ਦੀ ਰਾਜਧਾਨੀ ਚੰਡੀਗੜ੍ਹ ‘ਚ ਠੰਢ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਸੋਮਵਾਰ ਨੂੰ ਧੁੱਪ ਨਿਕਲਣ ਤੋਂ ਬਾਅਦ ਕੁਝ ਰਾਹਤ ਜ਼ਰੂਰ ਮਿਲੀ ਪਰ ਅਜੇ ਵੀ ਰਾਤਾਂ ਕਾਫੀ ਠੰਢੀਆਂ ਹਨ। ਘੱਟੋ-ਘੱਟ ਤਾਪਮਾਨ 3.5 ਡਿਗਰੀ ਹੋ ਗਿਆ ਹੈ। ਉਧਰ, ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ‘ਚ ਵੀ ਠੰਢ ਨੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ‘ਚ ਕੜਾਕੇ ਦੀ ਸਰਦੀ ਪੈ ਰਹੀ ਹੈ।