ਨਵੀਂ ਦਿੱਲੀ: ਭਾਰਤ ਨੂੰ ਠੰਢ ਨੇ ਪ੍ਰਭਾਵਤ ਕੀਤਾ ਹੋਇਆ ਹੈ। ਸਰਦੀਆਂ ਦੀ ਠੰਢ ਕਾਰਨ ਇਸ ਸਮੇਂ ਭਾਰਤ ਦਾ ਅੱਧਾ ਹਿੱਸਾ ਠਰ ਰਿਹਾ ਹੈ। ਸ਼੍ਰੀਨਗਰ ਤੋਂ ਸ਼ਿਮਲਾ ਅਤੇ ਲੱਦਾਖ ਤੋਂ ਲਖਨਉ ਤੱਕ ਲੋਕ ਕੰਬ ਰਹੇ ਹਨ। ਕੱਲ੍ਹ ਦਿੱਲੀ 'ਚ ਠੰਢ ਨੇ 119 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਸ੍ਰੀਨਗਰ 'ਚ ਵੀ ਪਿਛਲੇ ਪੰਜ ਦਿਨਾਂ ਤੋਂ ਪਾਰਾ ਸਿਫ਼ਰ ਤੋਂ ਹੇਠਾਂ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਪਾਰਾ ਸਿਫ਼ਰ ਤੋਂ ਹੇਠਾਂ ਹੈ। ਇੱਥੋਂ ਤੱਕ ਕਿ ਉਤਰਾਖੰਡ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਨੈਨੀਤਾਲ 'ਚ ਵੀ ਪਾਰਾ ਮਾਇਨਸ 'ਚ ਚਲਾ ਗਿਆ ਹੈ। ਧੁੰਦ ਅਤੇ ਠੰਢ ਕਾਰਨ ਰੇਲ, ਹਵਾਈ ਜਹਾਜ਼ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੈ।


ਦੱਸ ਦੇਈਏ ਕਿ ਦਿੱਲੀ ਆਉਣ ਵਾਲੀਆਂ 34 ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ 'ਚ ਸਵੇਰ ਦਾ ਤਾਪਮਾਨ 5 ਡਿਗਰੀ ਸੈਲਸੀਅਸ ਹੈ। ਅੱਜ ਸਵੇਰੇ ਦਿੱਲੀ 'ਚ ਜ਼ਿਆਦਾ ਧੁੰਦ ਨਹੀਂ ਪਈ ਹੈ ਪਰ ਦਰਜਨਾਂ ਰੇਲ ਗੱਡੀਆਂ ਅਤੇ ਇਥੋਂ ਆਉਣ-ਜਾਣ ਵਾਲੀਆਂ ਕਈ ਉਡਾਣਾਂ ਲੇਟ ਹਨ। ਅੱਜ ਕੱਲ ਨਾਲੋਂ ਸਰਦੀ ਘੱਟ ਹੈ। ਦਿੱਲੀ ਏਅਰਪੋਰਟ 'ਤੇ ਵਿਜੀਬਿਲਟੀ ਵੀ 1200 ਮੀਟਰ ਹੈ।

ਸਕਾਈਮੇਟ ਮੁਤਾਬਕ ਇੱਕ ਨਵੀਂ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਅਤੇ ਇਸ ਦੇ ਨਾਲ ਲਗਦੇ ਜੰਮੂ ਕਸ਼ਮੀਰ 'ਚ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਅਤੇ ਗੰਗਾ ਮੈਦਾਨਾਂ 'ਚ ਸੰਘਣੀ ਧੁੰਦ ਵੇਖੀ ਗਈ। ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਠੰਢ ਅਤੇ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ।