ਚੰਡੀਗੜ੍ਹ: ਚੰਡੀਗੜ੍ਹ ਦੇ ਹੱਲੋਮਾਜਰਾ ਜੰਗਲਾਤ ਖੇਤਰ ਵਿੱਚ ਇੱਕ 6 ਸਾਲਾ ਲੜਕੀ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਗੁਆਂਢ ਵਿੱਚ ਰਹਿੰਦੇ ਇੱਕ 12 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਬੱਚੀ ਨੂੰ ਲਿਜਾਂਦਾ ਹੋਇਆ ਸੀਸੀਟੀਵੀ ਵਿੱਚ ਦੇਖਿਆ ਗਿਆ ਹੈ। ਜਿਸ ਦੇ ਅਧਾਰ 'ਤੇ ਪੁਲਿਸ ਨੇ ਉਸ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਸਬੂਤ ਇਕੱਠੇ ਕਰੇਗੀ ਅਤੇ ਇਸ ਨੂੰ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕਰੇਗੀ।

 

ਚੰਡੀਗੜ੍ਹ ਪੁਲਿਸ ਨੂੰ ਬੱਚੀ ਨਾਲ ਬਲਾਤਕਾਰ ਦਾ ਸ਼ੱਕ ਹੈ, ਪਰ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਬੱਚੀ ਸ਼ੁੱਕਰਵਾਰ ਸ਼ਾਮ ਤੋਂ ਘਰੋਂ ਲਾਪਤਾ ਸੀ। ਉਸ ਦੇ ਰਿਸ਼ਤੇਦਾਰ ਅਤੇ ਸਬੰਧਤ ਥਾਣਾ ਮਿਲਕੇ ਰਾਤ ਉਸ ਦੀ ਭਾਲ ਕਰ ਰਹੇ ਸੀ। ਸਵੇਰੇ ਜੰਗਲਾਤ ਖੇਤਰ 'ਚੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

 

ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਸਰਕਾਰੀ ਸਕੂਲ ਵਿੱਚ ਨਰਸਰੀ ਦੀ ਵਿਦਿਆਰਥੀ ਸੀ। ਉਹ ਪਿਛਲੇ 30 ਸਾਲਾਂ ਤੋਂ ਪਰਿਵਾਰ ਨਾਲ ਚੰਡੀਗੜ੍ਹ 'ਚ ਰਹਿ ਰਿਹਾ ਹੈ ਅਤੇ ਧੀ ਉਨ੍ਹਾਂ ਦੇ ਤਿੰਨ ਬੱਚਿਆਂ 'ਚੋਂ ਸਭ ਤੋਂ ਵੱਡੀ ਸੀ। ਬੱਚੀ ਰੋਜ਼ਾਨਾ ਸਵੇਰੇ 11:00 ਵਜੇ ਅਤੇ ਸ਼ਾਮ 5:00 ਵਜੇ ਗੁਆਂਢ 'ਚ ਦੋ ਟਿਊਸ਼ਨ ਕਲਾਸਾਂ ਲੈਣ ਲਈ ਗੁਆਂਢ 'ਚ ਹੀ ਜਾਂਦੀ ਸੀ।

 

ਸ਼ੁੱਕਰਵਾਰ ਸਵੇਰ ਦੀ ਕਲਾਸ ਤੋਂ ਬਾਅਦ, ਲੜਕੀ ਸ਼ਾਮ 5:00 ਵਜੇ ਟਿਊਸ਼ਨ ਕਲਾਸ 'ਚ ਨਹੀਂ ਪਹੁੰਚੀ।  ਜਿਸ ਦੇ ਬਾਅਦ ਚਾਰੇ ਪਾਸੇ ਭਾਲ ਕਰਨ ਤੋਂ ਬਾਅਦ ਲੜਕੀ ਨਹੀਂ ਮਿਲੀ। ਸ਼ਾਮ 7:30 ਵਜੇ ਪਿਤਾ ਨੇ ਲੜਕੀ ਦੇ ਲਾਪਤਾ ਹੋਣ ਬਾਰੇ ਸਬੰਧਤ ਸੈਕਟਰ 31 ਥਾਣੇ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਤੁਰੰਤ ਕਾਰਵਾਈ ਵਿੱਚ ਆਈ ਪੁਲਿਸ ਨੇ ਆਸ ਪਾਸ ਦੇ ਇਲਾਕੇ 'ਚ ਭਾਲ ਸ਼ੁਰੂ ਕਰ ਦਿੱਤੀ ਸੀ।