ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਾਰਨ ਹੋਏ ਲੌਕਡਾਊਨ ਕਰਕੇ 198 ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਫਸ ਗਏ ਸੀ। ਅੱਜ ਉਹ ਆਪਣੇ ਦੇਸ਼ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਹਨ। ਵਾਪਸ ਜਾ ਰਹੇ ਪਾਕਿਸਤਾਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਉਹ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸੀ ਤਾਂ ਕੋਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਹੋ ਗਿਆ ਤੇ ਉਹ ਭਾਰਤ ਵਿੱਚ ਹੀ ਫਸ ਗਏ ਸੀ।

ਹਾਲਾਂਕਿ ਉਨ੍ਹਾਂ ਨੂੰ ਭਾਰਤ ਵਿੱਚ ਲੌਕਡਾਊਨ ਦੌਰਾਨ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਭਾਰਤੀ ਲੜਕੀਆਂ ਜਿਨ੍ਹਾਂ ਦਾ ਪਾਕਿਸਤਾਨ ਵਿੱਚ ਵਿਆਹ ਹੋਇਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੈਦਾ ਭਾਰਤ ਵਿੱਚ ਹੋਈਆਂ ਹਨ ਤੇ ਉਨ੍ਹਾਂ ਦਾ ਵਿਆਹ ਪਾਕਿਸਤਾਨ ਵਿੱਚ ਹੋਇਆ ਹੈ। ਉਹ ਭਾਰਤ ਵਿੱਚ ਆਪਣੇ ਪੇਕੇ ਪਰਿਵਾਰਾਂ ਨੂੰ ਮਿਲਣ ਲਈ ਆਏ ਸੀ, ਉਨ੍ਹਾਂ ਨੂੰ ਜਾਣ ਦੀ ਖੁਸ਼ੀ ਵੀ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਪਾਕਿਸਤਾਨ ਵਿੱਚ ਸੀ। ਉਹ ਕਾਫੀ ਮਹੀਨਿਆਂ ਤੋਂ ਬਾਅਦ ਅੱਜ ਆਪਣੇ ਬੱਚਿਆਂ ਨੂੰ ਮਿਲਣਗੇ।

ਭਾਰਤ ਵਿੱਚ ਜਨਮੀ ਤੇ ਹੁਣ ਪਾਕਿਸਤਾਨੀ ਵਿੱਚ ਵਿਆਹੀ ਰੁਖ਼ਸਾਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਤੇ ਆਪਣੇ ਪਤੀ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਆਈ ਸੀ ਤੇ ਲੌਕਡਾਊਨ ਹੋਣ ਕਰਕੇ ਆਪਣੀ ਮਾਂ ਦੇ ਕੋਲ ਹੀ ਰਹੀ। ਅੱਜ ਵਾਪਸ ਜਾਣ 'ਤੇ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ।



ਉੱਥੇ ਪਾਕਿਸਤਾਨੀ ਨਾਗਰਿਕ ਅਜ਼ਹਰ ਅੱਬਾਸ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਆਪਣੇ ਸਹੁਰਿਆਂ ਦੇ ਘਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਤੇ ਇਨ੍ਹਾਂ 6 ਮਹੀਨਿਆਂ ਦੌਰਾਨ ਕਾਫੀ ਭਾਰਤੀ ਦੋਸਤ ਬਣ ਗਏ, ਜਿਨ੍ਹਾਂ ਨਾਲ ਬਿਤਾਏ ਯਾਦਗਾਰੀ ਪਲ ਉਹ ਨਾਲ ਲੈ ਕੇ ਜਾ ਰਿਹਾ ਹੈ। ਇੱਥੇ ਕੀਤੀ ਗਈ ਮਹਿਮਾਨ ਨਿਵਾਜ਼ੀ ਉਹ ਯਾਦ ਰੱਖਣਗੇ ਕਿਉਂਕਿ ਜੋ ਭਾਰਤੀ ਪਾਕਿਸਤਾਨ ਜਾਂਦੇ ਹਨ ਉਹ ਵੀ ਯਾਦਗਾਰੀ ਪਲਾਂ ਨੂੰ ਨਾਲ ਲਿਆਉਂਦੇ ਹਨ।

ਫੌਜੀ ਸਿਖਲਾਈ ਦੌਰਾਨ ਮੋਗਾ ਦੇ ਨੌਜਵਾਨ ਦੀ ਤਲਾਅ 'ਚ ਡੁੱਬਣ ਨਾਲ ਮੌਤ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਣ ਭਾਰਤ ਵਿੱਚ ਫਸੇ ਕਰੀਬ 198 ਪਾਕਿਸਤਾਨੀ ਅੱਜ ਵਾਪਸ ਆਪਣੇ ਵਤਨ ਜਾ ਰਹੇ ਹਨ ਜਿਨ੍ਹਾਂ ਦੀ ਮੈਡੀਕਲ ਜਾਂਚ ਕਰਕੇ ਤੇ ਇਮੀਗ੍ਰੇਸ਼ਨ ਤੋਂ ਬਾਅਦ ਬੱਸਾਂ ਰਾਹੀਂ ਜ਼ੀਰੋ ਲਾਈਨ ਤੋਂ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਜਾਵੇਗਾ। ਲੌਕਡਾਊਨ ਤੋਂ ਬਾਅਦ 792 ਦੇ ਕਰੀਬ ਭਾਰਤੀ ਪਾਕਿਸਤਾਨ ਤੋਂ ਆ ਚੁੱਕੇ ਹਨ ਤੇ 503 ਦੇ ਕਰੀਬ ਪਾਕਿਸਤਾਨੀ ਆਪਣੇ ਵਤਨ ਪਰਤ ਚੁੱਕੇ ਹਨ।