ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਸੰਨ 1991 ਦੇ ਬਹੁਚਰਚਿਤ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ’ਚ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਸਣੇ ਹੋਰ ਪੁਲਿਸ ਅਧਿਕਾਰੀ ਘਿਰਦੇ ਜਾ ਰਹੇ ਹਨ। ਇੱਕ ਤੋਂ ਬਾਅਦ ਇੱਕ ਚਸ਼ਮਦੀਦ ਗਵਾਹ ਸਾਹਮਣੇ ਆਉਣ ਮਗਰੋਂ ਸਾਬਕਾ ਪੁਲਿਸ ਅਫਸਰਾਂ ਵਿੱਚ ਘਬਰਾਹਟ ਹੈ। ਹੁਣ ਤੱਕ ਪੰਜ ਗਵਾਹ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ।

ਇਸ ਕਰਕੇ ਹੀ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੋਂ ਬਾਅਦ ਕੇਸ 'ਚ ਨਾਮਜ਼ਦ ਤਤਕਾਲੀ ਸਬ ਇੰਸਪੈਕਟਰ ਹਰਸਹਾਏ ਸ਼ਰਮਾ, ਜਗੀਰ ਸਿੰਘ, ਅਨੂਪ ਸਿੰਘ ਤੇ ਏਐਸਆਈ ਕੁਲਦੀਪ ਸਿੰਘ ਸੰਧੂ ਵੀ ਅਗਾਊਂ ਜ਼ਮਾਨਤ ਲਈ ਅਦਾਲਤ ਪਹੁੰਚੇ ਹਨ। ਇਸ ਮਾਮਲੇ ਵਿੱਚ ਅਦਾਲਤ ਚੰਡੀਗੜ੍ਹ ਦੇ ਤਤਕਾਲੀ ਪੁਲਿਸ ਕਪਤਾਨ ਸੁਮੇਧ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇ ਚੁੱਕੀ ਹੈ।

ਸੋਮਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਅਗਾਉਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ, ਪੀੜਤ ਪਰਿਵਾਰ ਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਭਖਵੀਂ ਬਹਿਸ ਹੋਈ। ਇਸ ਮਗਰੋਂ ਅਦਾਲਤ ਨੇ ਮੰਗਲਵਾਰ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਸਰਕਾਰੀ ਵਕੀਲ ਸੰਜੀਵ ਬੱਤਰਾ ਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਦੀ ਅਪੀਲ ਦਾ ਸਖ਼ਤ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਦੇ ਜਾਅਲੀ ਦਸਤਖ਼ਤ ਕੀਤੇ ਸਨ ਕਿਉਂਕਿ ਸਿਟਕੋ ਦੇ ਰਿਕਾਰਡ ਤੇ ਪੁਲੀਸ ਦਸਤਾਵੇਜ਼ਾਂ ’ਤੇ ਕੀਤੇ ਦਸਤਖ਼ਤ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ।

ਸਰਕਾਰੀ ਵਕੀਲ ਨੇ ਕਿਹਾ ਕਿ ਹਾਲਾਂਕਿ ਮੁਲਤਾਨੀ ਖ਼ਿਲਾਫ਼ ਟਾਡਾ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਮੁਲਤਾਨੀ ਨੂੰ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਐਸਡੀਐਮ ਅੱਗੇ ਪੇਸ਼ ਕਰ ਕੇ ਖਾਨਾਪੂਰਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੀ ਗਈ ਤਾਂ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਉੱਧਰ, ਬਚਾਅ ਪੱਖ ਦੇ ਵਕੀਲਾਂ ਐਚਐਸ ਧਨੋਆ ਤੇ ਗੁਰਮੇਲ ਸਿੰਘ ਧਾਲੀਵਾਲ ਨੇ ਲੰਮੇ ਅਰਸੇ ਬਾਅਦ ਕੇਸ ਦਰਜ ਕਰਨ ’ਤੇ ਇਤਰਾਜ਼ ਜਤਾਇਆ। ਅਦਾਲਤ ’ਚ ਬਹਿਸ ਦੌਰਾਨ ਇਹ ਵੀ ਦਾਅਵਾ ਕੀਤਾ ਗਿਆ ਕਿ ਮੁਲਤਾਨੀ ਨੂੰ ਘਰੋਂ ਚੁੱਕਣ ਵਾਲੀ ਪੁਲਿਸ ਟੀਮ ਨੇ ਸੀਨੀਅਰ ਅਧਿਕਾਰੀਆਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਸੀ। ਸਰਕਾਰੀ ਵਕੀਲ ਨੇ ਜਾਂਚ ਅਧਿਕਾਰੀ ਹਰਮਨਦੀਪ ਸਿੰਘ ਹਾਂਸ ਦੀ ਮੌਜੂਦਗੀ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੈਣੀ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕਣ ਜਾਂ ਗ੍ਰਿਫ਼ਤਾਰੀ ਪਾਉਣ ਬਾਰੇ ਯੂਟੀ ਪੁਲਿਸ ਦੇ ਕਿਸੇ ਮੁਲਾਜ਼ਮ ਨੇ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਸੀ।

ਇਸ ਦੇ ਨਾਲ ਹੀ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਵਿੱਚ ਇੱਕ ਹੋਰ ਚਸ਼ਮਦੀਦ ਸਰਬਜੀਤ ਕੌਰ ਗਵਾਹ ਵਜੋਂ ਸਾਹਮਣੇ ਆਈ ਹੈ, ਜੋ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਭੈਣ ਲਗਦੀ ਹੈ। 29 ਸਾਲ ਪੁਰਾਣੇ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਚਸ਼ਮਦੀਦ ਗਵਾਹ ਸਾਹਮਣੇ ਆ ਚੁੱਕੇ ਹਨ। ਸਰਕਾਰੀ ਵਕੀਲ ਸੰਜੀਵ ਬੱਤਰਾ ਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਧਾਰਾ 164 ਤਹਿਤ ਸੁਮੇਧ ਸੈਣੀ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ। ਪਹਿਲਾਂ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਵੀ ਬਿਆਨ ਦਰਜ ਕਰਵਾ ਚੁੱਕੇ ਹਨ।