ਬਾਂਦਾ: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਗਿਰਵਾਨ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਪੰਜ ਸਾਲਾ ਲੜਕੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹੇ ਦੇ ਨਰੈਣੀ ਖੇਤਰ ਦੇ ਡਿਪਟੀ ਸੁਪਰਡੈਂਟ (ਸੀਓ) ਸਿਆਰਾਮ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਤ ਕਰੀਬ 8 ਵਜੇ ਪਿੰਡ ਦਾ ਇੱਕ ਨੌਜਵਾਨ ਕੱਲੂ ਰਾਜਪੂਤ (23) ਗੁਆਂਢ 'ਚ ਰਹਿੰਦੀ ਇਕ ਪੰਜ ਸਾਲ ਦੀ ਲੜਕੀ ਨੂੰ 10 ਰੁਪਏ ਦੇ ਕੇ ਸੁਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਕਥਿਤ ਤੌਰ 'ਤੇ ਉਸ ਨਾਲ ਬਲਾਤਕਾਰ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ 'ਚੋਂ ਰਿਹਾ ਹੋਣ ਤੋਂ ਬਾਅਦ ਬੱਚੀ ਰੋਂਦੀ ਹੋਈ ਆਪਣੇ ਘਰ ਪਹੁੰਚੀ ਅਤੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰ ਰਾਤ ਨੂੰ ਦੋਸ਼ੀ ਦੇ ਘਰ ਨੂੰ ਇਸ ਬਾਰੇ ਦੱਸਣ ਗਿਆ ਤਾਂ ਦੋਸ਼ੀ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਸੀਓ ਨੇ ਦੱਸਿਆ ਕਿ ਘਟਨਾ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ ਕੱਲੂ ਨੂੰ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਸੁਰੱਖਿਆ ਲਈ ਪਿੰਡ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।