ਕੋਲਕਾਤਾ: ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਬੀਜੇਪੀ ਆਗੂਆਂ ਵਲੋਂ ਵਿਵਾਦਿਤ ਬਿਆਨ ਜਾਰੀ ਹਨ। ਸੀਏਏ ਦੇ ਸਮਰਥਨ 'ਚ ਪਹਿਲਾਂ ਵੀ ਵਿਵਾਦਿਤ ਬਿਆਨ ਦੇ ਚੁੱਕੇ ਪੱਛਮੀ ਬੰਗਾਲ 'ਚ ਬੀਜੇਪੀ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਹੈ ਕਿ ਸੂਬੇ 'ਚ 50 ਲੱਖ ਮੁਸਲਮਾਨ ਘੁਸਪੈਠੀਆਂ ਦੀ ਪਛਾਣ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਦੇਸ਼ 'ਚੋਂ ਬਾਹਰ ਦਾ ਰਾਹ ਦਿਖਾਇਆ ਜਾਵੇਗਾ।

ਨਾਰਥ ਪਰਗਨਾ ਜ਼ਿਲ੍ਹੇ 'ਚ ਸੀਏਏ ਦੇ ਸਮਰਥਨ 'ਚ ਹੋਈ ਇੱਕ ਸਭਾ 'ਚ ਦਿਲੀਪ ਘੋਸ਼ ਨੇ ਕਿਹਾ ਕਿ "50 ਲੱਖ ਮੁਸਲਮਾਨ ਘੁਸਪੈਠਿਆਂ ਦੀ ਪਛਾਣ ਕਰਕੇ ਪਹਿਲਾਂ ਉਨ੍ਹਾਂ ਦਾ ਨਾਂ ਵੋਟਰ ਸੂਚੀ 'ਚੋਂ ਹਟਾਇਆ ਜਾਵੇਗਾ। ਫਿਰ ਦੀਦੀ ਕਿਸੇ ਦੀ ਤਸੱਲੀ ਨਹੀਂ ਕਰ ਪਾਵੇਗੀ। ਇਕ ਵਾਰ ਇਹ ਸਭ ਹੋਣ ਤੋਂ ਬਾਅਦ ਦੀਦੀ ਦੀਆਂ ਵੋਟਾਂ ਘੱਟ ਹੋ ਜਾਣਗੀਆਂ ਤੇ ਆਉਣ ਵਾਲੀਆਂ ਚੋਣਾਂ 'ਚ ਸਾਨੂੰ 200 ਸੀਟਾਂ ਮਿਲਣਗੀਆਂ, ਉਨ੍ਹਾਂ ਨੂੰ 50 ਸੀਟਾਂ ਵੀ ਨਹੀਂ ਮਿਲਣੀਆਂ।"

ਇਨ੍ਹਾਂ ਹੀ ਨਹੀਂ ਦਿਲੀਪ ਘੋਸ਼ ਨੇ ਕਿਹਾ ਕਿ " ਜੇਐੱਨਯੂ 'ਚ ਰਾਸ਼ਟਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਉੱਥੇ ਪੁਲਿਸ ਹੈ, ਸਰਕਾਰ ਹੈ, ਪਰ ਮਮਤਾ ਬੈਨਰਜੀ ਦੇ ਰਾਜ 'ਚ ਕੋਈ ਸਰਕਾਰ ਨਹੀਂ ਹੈ। ਅਸੀਂ ਕਿਹਾ ਸੀ ਕਿ ਰਾਸ਼ਟਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਗੋਲੀ ਕਿਉਂ ਨਹੀਂ ਮਾਰ ਦਿੰਦੇ, ਇਸ 'ਤੇ ਇੰਝ ਰੌਲ਼ਾ ਪਾਇਆ ਗਿਆ ਜਿਵੇਂ ਇਨ੍ਹਾਂ ਦੇ ਬਾਪ ਦੀ ਜਾਇਦਾਦ ਹੋਵੇ। ਸਾਡੀ ਜਾਇਦਾਦ ਨੂੰ ਨੁਕਸਾਨ ਪਹੁੰਚਾਓਗੇ ਤੇ ਗੋਲੀ ਨਹੀਂ ਮਾਰਾਂਗੇ? ਪਹਿਲਾਂ ਗੋਲੀ ਬਾਅਦ 'ਚ ਗੋਲਾ।" ਉਨ੍ਹਾਂ ਕਿਹਾ ਕਿ ਜੋ ਲੋਕ ਸੀਏਏ ਦਾ ਵਿਰੋਧ ਕਰ ਰਹੇ ਹਨ, ਉਹ ਬੰਗਾਲ ਵਿਰੋਧੀ ਹਨ ਤੇ ਭਾਰਤ ਦੇ ਵਿਚਾਰ ਦੇ ਖ਼ਿਲਾਫ਼ ਹਨ।