ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰਾਂ ਦੀ ਭਰਤੀ ਲਈ 22 ਅਗਸਤ ਨੂੰ ਹੋਈ ਲਿਖਤੀ ਪ੍ਰੀਖਿਆ ਵਿੱਚ ਗੜਬੜੀ ਅਤੇ ਧੋਖਾਧੜੀ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਇਸ ਸਬੰਧ ਵਿੱਚ ਸ਼ੱਕੀ ਭੂਮਿਕਾ ਲਈ ਪੰਜਾਬ ਅਤੇ ਹਰਿਆਣਾ ਤੋਂ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਬਲੂਟੁੱਥ ਰਾਹੀਂ ਪ੍ਰੀਖਿਆ 'ਚ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਗ੍ਰਿਫਤਾਰੀ ਤੋਂ ਬਾਅਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਪੇਪਰ ਲੀਕ, ਧੋਖਾਧੜੀ ਅਤੇ ਨਕਲ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਜੈਮਰ ਲਗਾਏ ਜਾ ਰਹੇ ਹਨ। ਦਿਨਕਰ ਗੁਪਤਾ ਨੇ ਦੱਸਿਆ ਕਿ ਖਨੌਰੀ (ਸੰਗਰੂਰ) ਦੇ ਰਹਿਣ ਵਾਲੇ ਵਿਕਾਸ, ਹਰਿਆਣਾ ਦੇ ਹਿਸਾਰ ਦੇ ਰਣਬੀਰ ਸਿੰਘ ਅਤੇ ਰਜਿੰਦਰ ਸਿੰਘ, ਸੋਨੀਪਤ ਦੇ ਅੰਮ੍ਰਿਤ ਅਤੇ ਜੀਂਦ ਦੇ ਵਾਸੀ ਨਵਜੋਤ ਸਿੰਘ, ਜੋ ਕਿ ਸਬ-ਇੰਸਪੈਕਟਰ ਵਜੋਂ ਭਰਤੀ ਹੋਣਾ ਚਾਹੁੰਦੇ ਸਨ, ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਦਿਨਕਰ ਗੁਪਤਾ ਨੇ ਦੱਸਿਆ ਕਿ ਵਿਕਾਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਨਵਜੋਤ ਨੂੰ ਉਸਦੇ ਪਿੰਡ ਜੀਂਦ (ਹਰਿਆਣਾ) ਤੋਂ ਗ੍ਰਿਫਤਾਰ ਕੀਤਾ ਗਿਆ। ਨਵਜੋਤ ਨੇ ਮੰਨਿਆ ਕਿ ਵਿਕਾਸ ਉਸ ਨਾਲ 21 ਅਗਸਤ, 2021 ਨੂੰ ਚੰਡੀਗੜ੍ਹ ਦੇ ਸੈਕਟਰ -19 ਵਿਖੇ ਮਿਲਿਆ ਸੀ ਅਤੇ ਉਸ ਨੂੰ ਇਮਤਿਹਾਨ ਵਿੱਚ ਸਹੀ ਉੱਤਰ ਦੇਣ ਲਈ ਮਾਈਕ੍ਰੋ ਈਅਰ ਫ਼ੋਨ ਅਤੇ ਇਲੈਕਟ੍ਰੌਨਿਕ ਬਲੂਟੁੱਥ ਉਪਕਰਣ ਮੁਹੱਈਆ ਕਰਵਾਇਆ ਸੀ।
ਡੀਜੀਪੀ ਅਨੁਸਾਰ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿੱਚ ਗਲਤ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਡੀਜੀਪੀ ਨੇ ਸਪੱਸ਼ਟ ਕੀਤਾ ਕਿ ਗਲਤ ਤਰੀਕੇ ਨਾਲ ਨੌਕਰੀ ਮਿਲਣੀ ਗਲਤ ਹੈ। ਜੇ ਕੋਈ ਅਜਿਹੀ ਪੇਸ਼ਕਸ਼ ਜਾਂ ਵਾਅਦਾ ਕਰਦਾ ਹੈ, ਤਾਂ ਇਸ ਨੂੰ ਹੈਲਪਲਾਈਨ ਨੰਬਰ 181 'ਤੇ ਸੂਚਿਤ ਕੀਤਾ ਜਾ ਸਕਦਾ ਹੈ।